ਜਲੰਧਰ ਵਿੱਚ ਨਾਮੀ ਟਰੈਵਲ ਏਜੰਟ ਆਰਐਸ ਗਲੋਬਲ ਦੇ ਮਾਲਕ ਸੁਖਚੈਨ ਸਿੰਘ ਰਾਹੀ ਉੱਤੇ 24 ਸਾਲਾ ਲੜਕੀ ਨਾਲ ਰੇਪ ਕਰਨ ਦੇ ਦੋਸ਼ ਲੱਗੇ ਹਨ। ਦੱਸ ਦੇਈਏ ਕਿ ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਪੀਜੀ 'ਚ ਰਹਿਣ ਵਾਲੀ ਇਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੀ ਨੇ ਤਿੰਨ ਪੰਨਿਆਂ ਦਾ ਸੁਸਾਈਡ ਨੋਟ ਵੀ ਲਿਖਿਆ। ਜਿਸ ਨੂੰ ਪੁਲਸ ਨੇ ਮੌਕੇ ਤੋਂ ਬਰਾਮਦ ਕਰ ਲਿਆ ਹੈ, ਜਿਸ ਵਿੱਚ ਪੀੜਤਾ ਨੇ ਸੁਖਚੈਨ ਸਿੰਘ ਰਾਹੀ ਦਾ ਨਾਂ ਅਤੇ ਉਸਦੀ ਕੰਪਨੀ ਦਾ ਨਾਂ ਲਿਖਿਆ ਹੈ। ਸੁਖਚੈਨ ਸਿੰਘ ਰਾਹੀ ਨਾਮਵਰ ਟਰੈਵਲ ਏਜੰਟ ਆਰ.ਐੱਸ. ਗਲੋਬਲ ਦਾ ਮਾਲਕ ਹੈ।

ਲੜਕੀ ਨੇ ਸੁਸਾਇਡ ਨੋਟ 'ਚ ਇਹ ਲਿਖਿਆ
ਖੁਦਕੁਸ਼ੀ ਨੋਟ 'ਚ ਪੀੜਤਾ ਨੇ ਲਿਖਿਆ ਹੈ ਕਿ ਉਹ ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਪੀ.ਜੀ. ਵਿਚ ਰਹਿੰਦੀ ਹੈ, ਉਸ ਨੇ 20 ਅਗਸਤ ਨੂੰ ਇੰਡੋ ਕੈਨੇਡੀਅਨ ਦੀ ਨਾਲ ਵਾਲੀ ਗਲੀ ਵਿੱਚ ਸਥਿਤ ਆਰਐਸ ਗਲੋਬਲ ਟਰੈਵਲ ਏਜੰਸੀ ਦੇ ਦਫ਼ਤਰ ਵਿੱਚ ਫੋਨ ਕੀਤਾ ਸੀ। ਉਸ ਦੀ ਕੰਪਨੀ ਦੀ ਕਰਮਚਾਰੀ ਪੱਲਵੀ ਨਾਲ ਫੋਨ 'ਤੇ ਗੱਲ ਹੋਈ, ਜਿਸ ਨੇ ਅਗਲੇ ਦਿਨ ਯਾਨੀ 21 ਅਗਸਤ ਨੂੰ ਦਫ਼ਤਰ ਆਉਣ ਲਈ ਕਿਹਾ।

ਜਿੱਥੇ ਉਸ ਦੀ ਮੀਟਿੰਗ ਸੁਖਚੈਨ ਸਿੰਘ ਰਾਹੀ ਨਾਂ ਦੇ ਟਰੈਵਲ ਏਜੰਸੀ ਦੇ ਮਾਲਕ ਨਾਲ ਕਰਵਾਈ ਗਈ, ਜੋ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਸੀ। ਮੁਲਜ਼ਮ ਨੇ ਪੀੜਤਾ ਦਾ ਨੰਬਰ ਲੈ ਲਿਆ। ਲੜਕੀ ਨੇ ਉਸ ਨੂੰ ਸਿੰਗਾਪੁਰ ਭੇਜਣ ਦਾ ਕਿਹਾ ਪਰ ਸੁਖਚੈਨ ਸਿੰਘ ਰਾਹੀ ਨੇ ਉਸ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੀ ਗੱਲ ਆਖੀ, ਜਿਸ ਵਿੱਚ ਉਸ ਦਾ ਖਰਚਾ ਵੀ ਘੱਟ ਹੋਵੇਗਾ।
ਹੋਟਲ ਵਿੱਚ ਬਹਾਨੇ ਨਾਲ ਬੁਲਾਇਆ

ਜਿਸ ਤੋਂ ਬਾਅਦ ਲੜਕੀ ਨੇ ਆਪਣੇ ਸਾਰੇ ਦਸਤਾਵੇਜ਼ ਉਸ ਦੇ ਨੰਬਰ 'ਤੇ ਭੇਜ ਦਿੱਤੇ। ਮੁਲਜ਼ਮ ਨੇ ਪੀੜਤ ਲੜਕੀ ਨੂੰ ਬੱਸ ਸਟੈਂਡ ਤੋਂ ਕਚਹਿਰੀ ਨੂੰ ਜਾਂਦੇ ਰਸਤੇ ਵਿੱਚ ਆਉਂਦੇ ਇਕ ਹੋਟਲ ਵਿੱਚ ਬੁਲਾਇਆ ਅਤੇ ਕਿਹਾ ਕਿ ਹੋਰ ਵਿਦਿਆਰਥੀ ਵੀ ਆ ਰਹੇ ਹਨ। ਮੁਲਜ਼ਮ ਨੇ ਕਿਹਾ, ਮੈਂ ਤੈਨੂੰ ਕਿਤੇ ਹੋਰ ਦਾਖ਼ਲਾ ਦਿਵਾ ਦੇਵਾਂਗਾ। ਫਿਰ ਅਗਲੇ ਦਿਨ ਪੀੜਤਾ ਹੋਟਲ ਚਲੀ ਗਈ, ਜਿੱਥੇ ਉਸ ਨੂੰ ਸੁਖਚੈਨ ਸਿੰਘ ਰਾਹੀ ਮਿਲਿਆ। ਹੋਟਲ ਵਿਚ ਆਉਣ ਤੋਂ ਬਾਅਦ ਰਾਹੀ ਉਸ ਨੂੰ ਦੂਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਲੈ ਗਿਆ।

ਕੋਲਡ ਡਰਿੰਕ ਪਿਆ ਕੇ ਕੀਤਾ ਗਲਤ ਕੰਮ
ਪੀੜਤਾ ਨੇ ਸੁਸਾਈਡ ਨੋਟ 'ਚ ਅੱਗੇ ਲਿਖਿਆ ਕਿ ਉਸ ਨੂੰ ਕਮਰੇ 'ਚ ਕੋਲਡ ਡਰਿੰਕ ਵਿਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ, ਜਿਸ ਨੂੰ ਪੀਣ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ ਕਿ ਉਸ ਨਾਲ ਕੀ ਹੋਇਆ। ਪਰ ਬਾਅਦ ਵਿਚ ਮਹਿਸੂਸ ਹੋਇਆ ਕਿ ਮੇਰੇ ਨਾਲ ਦੋ ਵਾਰ ਕੁਝ ਗਲਤ ਹੋਇਆ ਹੈ, ਜਿਸ ਤੋਂ ਬਾਅਦ ਦੋਸ਼ੀ ਮੈਨੂੰ ਪੀ.ਜੀ. ਛੱਡ ਗਿਆ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਹਾਂ। ਜਿਸ ਕਾਰਨ ਮੈਂ ਹੁਣ ਇਹ ਜ਼ਿੰਦਗੀ ਜਿਊਣਾ ਨਹੀਂ ਚਾਹੁੰਦੀ। ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਸੁਖਚੈਨ ਸਿੰਘ ਰਾਹੀ ਹੋਵੇਗਾ। ਪੀੜਤਾ ਨੇ ਅੱਗੇ ਲਿਖਿਆ ਕਿ ਮੇਰੀ ਬੇਨਤੀ ਹੈ ਕਿ ਰਾਹੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਹੋਰ ਕੁੜੀ ਨਾਲ ਅਜਿਹਾ ਗਲਤ ਕੰਮ ਨਾ ਹੋਵੇ। ਕੁੜੀ ਨੇ ਹੇਠਾਂ ਸੁਸਾਇਡ ਨੋਟ ਉਤੇ ਆਪਣਾ ਨਾਂ ਵੀ ਲਿਖਿਆ।
ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ
ਦੱਸ ਦਈਏ ਕਿ ਪੀੜਤਾ ਨੇ ਫਿਨਾਇਲ ਦੀਆਂ 3 ਗੋਲੀਆਂ ਖਾ ਲਈਆਂ ਸਨ। ਪਰ ਹੁਣ ਉਹ ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ।