ਜੰਮੂ ਵਿਚ ਇਕ ਥਾਰ ਸਵਾਰ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਜੰਮੂ ਦੇ ਜਵੇਲ ਚੌਕ ਇਲਾਕੇ ਦੀ ਹੈ।
ਥਾਰ ਉਤੇ ਕੀਤੀ ਫਾਇਰਿੰਗ
ਰਿਪੋਰਟ ਅਨੁਸਾਰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਥਾਰ 'ਤੇ ਫਾਇਰਿੰਗ ਕੀਤੀ। 7 ਰਾਊਂਡ ਫਾਇਰ ਹੋਣ ਦਾ ਕਿਹਾ ਜਾ ਰਿਹਾ ਹੈ। ਦੱਸ ਦੇਈਏ ਕਿ ਥਾਰ ਵਿੱਚ ਸਵਾਰ ਨੌਜਵਾਨ ਨੂੰ ਚਾਰ ਗੋਲੀਆਂ ਲੱਗੀਆਂ, ਜਿਸ ਦੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ਉਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਇਲਾਕੇ ਵਿਚ ਮਹੌਲ ਪੂਰਾ ਦਹਿਸ਼ਤ ਵਾਲਾ ਬਣ ਗਿਆ।
ਮ੍ਰਿਤਕ ਦੀ ਪਛਾਣ
ਮ੍ਰਿਤਕ ਦੀ ਪਛਾਣ ਸੁਮਿਤ ਜੰਡਿਆਲ ਪੁੱਤਰ ਓਮ ਪ੍ਰਕਾਸ਼ (37) ਵਜੋਂ ਹੋਈ ਹੈ। ਮ੍ਰਿਤਕ ਪੱਛਮੀ ਨੰ. 9 ਵਿਜੇਪੁਰ ਦਾ ਰਹਿਣ ਵਾਲਾ ਸੀ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ ਹੈ। ਨੌਜਵਾਨ ਦੀ ਮੌਤ ਗੋਲੀ ਲੱਗਣ ਕਾਰਨ ਹੋਈ। ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ।
ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰ
ਨਵਾਬਾਦ ਪੁਲਸ ਸਟੇਸ਼ਨ ਤੋਂ 100 ਮੀਟਰ ਦੂਰ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਹਮਲਾਵਰ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ। ਉਨ੍ਹਾਂ ਨੇ ਥਾਰ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਤੋਂ ਬਾਅਦ ਥਾਰ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਗੋਲੀਬਾਰੀ ਤੋਂ ਤੁਰੰਤ ਬਾਅਦ ਜ਼ਖਮੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।