ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜ਼ੈੱਡ ਸੁਰੱਖਿਆ ਛੱਡ ਦਿੱਤੀ ਹੈ। ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕੇਂਦਰ ਨੂੰ ਜ਼ੈੱਡ ਸੁਰੱਖਿਆ ਵਾਪਸ ਲੈਣ ਲਈ ਪੱਤਰ ਲਿਖਿਆ ਸੀ।
ਸੁਰੱਖਿਆ ਵਿਚ 15 ਤੋਂ 20 ਕਰਮਚਾਰੀ ਤਾਇਨਾਤ ਸਨ
ਇਸ 'ਤੇ ਕਾਰਵਾਈ ਕਰਦਿਆਂ ਅੱਜ ਕੇਂਦਰ ਨੇ ਉਨ੍ਹਾਂ ਤੋਂ ਜ਼ੈੱਡ ਸੁਰੱਖਿਆ ਵਾਪਸ ਲੈ ਲਈ ਹੈ। ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਸੁਰੱਖਿਆ ਲਈ 15 ਤੋਂ 20 ਦੇ ਕਰੀਬ ਮੁਲਾਜ਼ਮ ਤਾਇਨਾਤ ਸਨ। ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਨੇ ਜ਼ੈੱਡ ਸੁਰੱਖਿਆ ਦਿੱਤੀ ਸੀ।
ਜ਼ਿਕਰਯੋਗ ਹੈ ਕਿ 2022 ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਹੀ ਜਦੋਂ ਪੰਜਾਬ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਸੀ ਤਾਂ ਕੇਂਦਰ ਨੇ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਉਪਲਬਧ ਕਰਵਾਈ ਸੀ। ਹਾਲਾਂਕਿ ਬਾਅਦ ਚ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਸੀ।
ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ਤੋਂ ਕਈ ਵਾਰ ਕੇਂਦਰ ਨੂੰ ਅਪੀਲ ਕਰ ਚੁੱਕੇ ਸਨ ਕਿ ਸੁਰੱਖਿਆ ਵਾਪਿਸ ਲਈ ਜਾਵੇ।ਜਾਣਕਾਰੀ ਅਨੁਸਾਰ ਹੁਣ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਅਪੀਲ ਸਵੀਕਾਰ ਕਰ ਲਈ ਸੀ ਜਿਸ ਦੇ ਚੱਲਦਿਆਂ ਇਹ ਸੁਰੱਖਿਆ ਵਾਪਸ ਲਈ ਹੈ।