ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਨੇ ਘੋਰ ਨਿੰਦਾ ਕੀਤੀ ਹੈ।
2 ਦਸੰਬਰ ਨੂੰ ਸੁਣਾਈ ਗਈ ਸੀ ਧਾਰਮਕ ਸਜ਼ਾ
ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਾਥੀਆਂ ਸਮੇਤ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਗੁਨਾਹਾਂ ਲਈ ਧਾਰਮਕ ਸਜ਼ਾ ਸੁਣਾਈ ਸੀ। ਲੱਗੀ ਹੋਈ ਤਨਖਾਹ ਨੂੰ ਲੈ ਕੇ ਜਦੋਂ ਅੱਜ ਸੁਖਬੀਰ ਬਾਦਲ ਦਰਸ਼ਨੀ ਡਿਓਡੀ ਦੇ ਬਾਹਰ ਸੇਵਾ ਕਰ ਰਹੇ ਸੀ ਤਾਂ ਉਨ੍ਹਾਂ ਉਤੇ ਜਾਨਲੇਵਾ ਹਮਲਾ ਹੋਇਆ। ਮੌਕੇ ਉਤੇ ਸੇਵਾਦਾਰਾਂ ਤੇ ਸਕਿਉਰਿਟੀ ਵੱਲੋ ਵਿਚ ਆ ਕੇ ਬਚਾਅ ਕੀਤਾ ਗਿਆ।
ਜਥੇਦਾਰ ਸਾਹਿਬਾਨ ਨੇ ਹਮਲੇ ਦੀ ਕੀਤੀ ਘੋਰ ਨਿੰਦਾ
ਉਨ੍ਹਾਂ ਕਿਹਾ ਕਿ ਇਹ ਹਮਲਾ ਸੁਖਬੀਰ ਬਾਦਲ ਉਤੇ ਹਮਲਾ ਨਹੀਂ ਹੈ, ਇਹ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਦੇ ਬਾਹਰ ਡਿਊਟੀ ਕਰ ਰਹੇ ਉਸ ਸੇਵਾਦਾਰ ਉਤੇ ਹਮਲਾ ਹੈ, ਜੋ ਸੇਵਾਦਾਰ ਦਾ ਨੀਲਾ ਚੋਲ੍ਹਾ ਪਾ ਕੇ ਹੱਥ ਵਿਚ ਬਰਛਾ ਫੜ੍ਹ ਕੇ ਸੇਵਾ ਕਰ ਰਿਹਾ ਸੀ। ਅਸੀਂ ਇਸ ਦੀ ਘੋਰ ਨਿੰਦਾ ਕਰਦੇ ਹਾਂ, ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਅਸੀਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਸ ਪਿੱਛੇ ਕੌਣ ਹੈ, ਇਹ ਸਾਰਾ ਵਰਤਾਰਾ ਕਿਉਂ ਵਾਪਰਿਆ, ਇਸ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ।