ਖਬਰਿਸਤਾਨ ਨੈੱਟਵਰਕ ਅੰਮ੍ਰਿਤਸਰ- ਗੁਰੂ ਨਗਰੀ ਅੰਮ੍ਰਿਤਸਰ ਵਿਚ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਪੁੱਜੇ ਹਨ। ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਉਤੇ ਉਤਰਨ ਤੋਂ ਬਾਅਦ ਰਾਹੁਲ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ।
ਸੁਰੱਖਿਆ ਦੇ ਸਖਤ ਪ੍ਰਬੰਧ
ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਹਾਲ ਗੇਟ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤੱਕ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ।
ਜੂਠੇ ਬਰਤਨਾਂ ਦੀ ਕੀਤੀ ਸੇਵਾ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਨਿੱਜੀ ਹੈ।ਇਸ ਦੌਰਾਨ ਰਾਹੁਲ ਨੇ ਜੂਠੇ ਬਰਤਨਾਂ ਦੀ ਸੇਵਾ ਕੀਤੀ। ਇਸ ਦੌਰਾਨ ਉਨਾਂ ਨੇ ਸਿਰ 'ਤੇ ਨੀਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਸੀ। ਇਸ ਤੋਂ ਪਹਿਲਾਂ ਜਦੋਂ ਉਹ ਭਾਰਤ ਜੋੜੋ ਯਾਤਰਾ ਦੌਰਾਨ ਅੰਮ੍ਰਿਤਸਰ ਆਏ ਸਨ ਤਾਂ ਉਨ੍ਹਾਂ ਨੇ ਪੱਗ ਬੰਨ੍ਹੀ ਸੀ।
ਦੌਰੇ ਨੂੰ ਨਿਜੀ ਰੱਖਿਆ ਗਿਆ
ਰਾਹੁਲ ਗਾਂਧੀ ਦੇ ਆਉਣ ਉਤੇ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਕਾਂਗਰਸੀ ਆਗੂ ਉਨ੍ਹਾਂ ਦਾ ਸਵਾਗਤ ਕਰਨ ਆਦਿ ਲਈ ਨਹੀਂ ਪੁੱਜੇ। ਇਹ ਉਨਾਂ ਦਾ ਨਿੱਜੀ ਦੌਰਾ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਅਜਿਹੇ ਸਮੇਂ ਵਿੱਚ ਹੈ ਜਦੋਂ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ 2015 ਦੇ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਦੋਵਾਂ ਪਾਰਟੀਆਂ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਰਾਹੁਲ ਗਾਂਧੀ ਦਾ ਅੰਮ੍ਰਿਤਸਰ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਰਾਜਾ ਵੜਿੰਗ ਨੇ ਕੀਤਾ ਟਵੀਟ
ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਉਤੇ ਕਾਂਗਰਸ ਆਗੂ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਅੰਮ੍ਰਿਤਸਰ ਸਾਹਿਬ ਪਹੁੰਚੇ, ਇਹ ਉਨਾਂ ਦੀ ਨਿੱਜੀ, ਅਧਿਆਤਮਿਕ ਫੇਰੀ ਹੈ, ਆਓ ਉਨਾਂ ਦੀ ਨਿੱਜਤਾ ਦਾ ਸਤਿਕਾਰ ਕਰੀਏ। ਸਾਰੇ ਪਾਰਟੀ ਵਰਕਰਾਂ ਨੂੰ ਬੇਨਤੀ ਹੈ ਕਿ ਇਸ ਫੇਰੀ ਲਈ ਸਰੀਰਕ ਤੌਰ 'ਤੇ ਹਾਜ਼ਰ ਨਾ ਹੋਣ। ਤੁਸੀਂ ਸਾਰੇ ਆਤਮਾ ਵਿੱਚ ਆਪਣਾ ਸਮਰਥਨ ਦਿਖਾ ਸਕਦੇ ਹੋ ਅਤੇ ਅਗਲੀ ਵਾਰ ਉਨਾਂ ਨੂੰ ਮਿਲ ਸਕਦੇ ਹੋ।