ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਆਖਰਕਾਰ ਖੁਸ਼ੀਆਂ ਗੂੰਜ ਉਠੀਆਂ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਹੈ, ਜੋ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਹੈ।
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ IVF ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਦਸੱਦੀਏ ਕਿ ਕੁਝ ਸਮਾਂ ਪਹਿਲਾਂ ਮਾਤਾ ਚਰਨ ਕੌਰ ਆਮ ਲੋਕਾਂ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੋਂ ਦੂਰੀ ਬਣਾ ਲਈ ਸੀ। ਇਸ ਗੱਲ ਦੀ ਪੁਸ਼ਟੀ ਮਰਹੂਮ ਗਾਇਕ ਦੇ ਚਾਚਾ ਚਮਕੌਰ ਸਿੱਧੂ ਨੇ ਕੀਤੀ।
ਪਰਿਵਾਰ ਵਿੱਚ ਖੁਸ਼ੀ ਦੀ ਲਹਿਰ
ਇਸ ਖਬਰ ਨਾਲ ਸਿੱਧੂ ਮੂਸੇਵਾਲਾ ਦਾ ਪਰਿਵਾਰ ਕਾਫੀ ਖੁਸ਼ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਜਿਵੇਂ ਖੁਸ਼ੀ ਨੇ ਸਾਡੇ ਤੋਂ ਮੂੰਹ ਮੋੜ ਲਿਆ ਹੋਵੇ। ਪਰ ਹੁਣ ਸਿੱਧੂ ਮੂਸੇਵਾਲਾ ਦੇ ਘਰ ਫਿਰ ਖੁਸ਼ੀਆਂ ਆ ਗਈਆਂ ਹਨ। ਜਿਸ ਨਾਲ ਅਸੀਂ ਸਾਰੇ ਖੁਸ਼ ਹਾਂ।
ਜਾਣੋ ਕੀ ਹੈ IVF ਤਕਨੀਕ
ਇਸ ਪ੍ਰਕਿਰਿਆ ਵਿੱਚ ਦੋ ਤੋਂ ਤਿੰਨ ਹਫ਼ਤੇ ਲੱਗਦੇ ਹਨ। ਅੰਡੇ ਅਤੇ ਸ਼ੁਕਰਾਣੂਆਂ ਨੂੰ ਮਾਂ ਦੇ ਗਰਭ ਵਿੱਚ ਵਿਕਸਤ ਕਰਨ ਦੀ ਬਜਾਏ ਇੱਕ ਪ੍ਰਯੋਗਸ਼ਾਲਾ ਵਿੱਚ ਵਿਕਸਤ ਕਰਨ ਦੀ ਪ੍ਰਕਿਰਿਆ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ ਯਾਨੀ ਆਈਵੀਐਫ ਕਿਹਾ ਜਾਂਦਾ ਹੈ। ਇਸ ਤਰ੍ਹਾਂ ਤਿਆਰ ਕੀਤੇ ਭਰੂਣ ਨੂੰ ਪਲਾਸਟਿਕ ਦੀ ਬਰੀਕ ਟਿਊਬ ਰਾਹੀਂ ਔਰਤ ਦੇ ਬੱਚੇਦਾਨੀ ਵਿੱਚ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਬੱਚਾ ਮਾਂ ਦੀ ਕੁੱਖ ਵਿੱਚ ਵੱਡਾ ਹੁੰਦਾ ਹੈ।
2022 ਵਿੱਚ ਹੋਇਆ ਸੀ ਸਿੱਧੂ ਦਾ ਕਤਲ
29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।