ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਉਤਰਾਧਿਕਾਰੀ ਬਣਾ ਦਿੱਤਾ ਹੈ। ਜਸਦੀਪ ਸਿੰਘ ਅੱਜ ਤੋਂ ਹੀ ਡੇਰਾ ਮੁਖੀ ਦਾ ਅਹੁਦਾ ਸੰਭਾਲਣਗੇ। ਜਸਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਡੇਰੇ ਨਾਲ ਜੁੜੇ ਹੋਏ ਹਨ। ਜਾਣਦੇ ਹਾਂ ਕੌਣ ਹੈ ਜਸਦੀਪ ਸਿੰਘ ਜਿਨ੍ਹਾਂ ਨੂੰ ਡੇਰੇ ਦੀ ਗੱਦੀ ਸੌਂਪੀ ਗਈ ਹੈ।
ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰ ਚੁੱਕੇ ਹਨ ਜਸਦੀਪ ਸਿੰਘ ਗਿੱਲ
ਜਸਦੀਪ ਸਿੰਘ ਗਿੱਲ ਦਾ ਜਨਮ 15 ਮਾਰਚ 1979 ਨੂੰ ਮੋਗਾ ਵਿਖੇ ਹੋਇਆ। ਜਸਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਫੌਜ ਵਿੱਚ ਕਰਨਲ ਰਹਿ ਚੁੱਕੇ ਹਨ। ਜਸਦੀਪ ਸਿੰਘ ਗਿੱਲ ਨੇ IIT ਦਿੱਲੀ ਤੋਂ B.Tech ਅਤੇ M.Tech ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੈ। ਹੁਣ ਉਹ 45 ਸਾਲ ਦੀ ਉਮਰ 'ਚ ਗੱਦੀ ਸੰਭਾਲਣ ਜਾ ਰਹੇ ਹਨ।
ਰੈਨਬੈਕਸੀ ਦੇ ਸੀਈਓ ਦੇ ਕਾਰਜਕਾਰੀ ਸਹਾਇਕ ਵੀ ਰਹੇ
ਜਸਦੀਪ ਸਿੰਘ ਪੜ੍ਹਾਈ ਤੋਂ ਬਾਅਦ ਸਿਪਲਾ ਕੰਪਨੀ ਵਿੱਚ ਨੌਕਰੀ ਕੀਤੀ । ਇੱਥੇ ਉਹ 2019 ਤੋਂ ਮੁੱਖ ਰਣਨੀਤੀ ਅਧਿਕਾਰੀ ਦੇ ਤੌਰ 'ਤੇ ਕੰਮ ਕੀਤਾ। ਇਸ ਤੋਂ ਬਾਅਦ ਉਹ ਬੋਰਡ ਅਬਜ਼ਰਵਰ ਦੇ ਤੌਰ 'ਤੇ ਐਥਰਿਸ ਅਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ ਨਾਲ ਵੀ ਜੁੜੇ ਰਹੇ। ਮਾਰਚ 2024 ਤੱਕ ਵੇਲਥੀ ਥੈਰੇਪਿਊਟਿਕਸ ਦੇ ਬੋਰਡ ਮੈਂਬਰ ਸਨ। ਇਸ ਤੋਂ ਪਹਿਲਾਂ, ਉਸਨੇ ਰੈਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਉਦਯੋਗਪਤੀ ਵਿੱਚ ਪ੍ਰਿੰਸੀਪਲ ਅਤੇ ਚੇਅਰਮੈਨ ਵਜੋਂ ਕੰਮ ਕੀਤਾ।
ਹੈਲਥਕੇਅਰ ਅਤੇ ਫਾਰਮਾਸਿਊਟੀਕਲ ਸੈਕਟਰਾਂ ਵਿੱਚ 15 ਸਾਲਾਂ ਤੋਂ ਵੱਧ ਤਜ਼ਰਬਾ ਹੈ। ਜਸਦੀਪ ਸਿੰਘ ਗਿੱਲ ਘਰੇਲੂ ਅਤੇ ਮਲਟੀਨੈਸ਼ਨਲ ਕੰਪਨੀਆਂ ਦੋਵਾਂ ਲਈ ਇੱਕ ਉੱਚ ਪੱਧਰੀ ਸਲਾਹਕਾਰ ਰਹੇ ਹੈ। ਉਹ ਵਿਸ਼ੇਸ਼ ਤੌਰ 'ਤੇ ਵੱਡੇ ਪੈਮਾਨੇ ਦੀ ਰਣਨੀਤੀ ਅਤੇ ਵਿਕਾਸ ਪ੍ਰੋਜੈਕਟਾਂ, ਕੀਮਤ ਦੀਆਂ ਰਣਨੀਤੀਆਂ, ਮਾਰਕੀਟ-ਪ੍ਰਵੇਸ਼, ਅਤੇ ਵਿਸਥਾਰ ਦੀਆਂ ਰਣਨੀਤੀਆਂ ਵਿੱਚ ਨਿਪੁੰਨ ਹਨ।
ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਸਰ ਤੇ ਦਿਲ ਦੀ ਬਿਮਾਰੀ ਤੋਂ ਹਨ ਪੀੜਤ
ਦੱਸ ਦੇਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ। ਇਸ ਦਾ ਲੰਮਾ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਉਨ੍ਹਾਂ ਨੇ ਆਪਣੇ ਗੁਰੂ ਚਰਨ ਸਿੰਘ ਦੇ ਦੇਹਾਂਤ ਤੋਂ ਬਾਅਦ 10 ਜੂਨ 1990 'ਚ ਗੁਰਗੱਦੀ ਸੰਭਾਲੀ ਸੀ|
ਇਸ ਸਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ। ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਵਜੋਂ ਉਨ੍ਹਾਂ ਦੀ ਥਾਂ ਲੈਣਗੇ।