ਲੋਕ ਸਭਾ ਚੋਣਾਂ ਤੋਂ ਪਹਿਲਾਂ LPG ਸਿਲੰਡਰ 100 ਰੁਪਏ ਸਸਤਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਦਿਵਸ 'ਤੇ ਐਕਸ 'ਤੇ ਆਪਣੀ ਇਕ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ ਹੈ। ਇਹ ਰਾਹਤ ਉਨ੍ਹਾਂ ਲੋਕਾਂ ਲਈ ਚੰਗੀ ਹੈ ਜੋ ਗੈਸ 'ਤੇ ਹਜ਼ਾਰਾਂ ਰੁਪਏ ਤੱਕ ਖਰਚ ਕਰ ਰਹੇ ਸਨ। ਪਰ ਇਹ ਪਤਾ ਨਹੀਂ ਕਿ ਚੋਣਾਂ ਤੋਂ ਬਾਅਦ ਵੀ ਇਹ ਜਾਰੀ ਰਹੇਗਾ ਜਾਂ ਨਹੀਂ।
ਇਸ ਤੋਂ ਪਹਿਲਾਂ, ਮੋਦੀ ਸਰਕਾਰ ਦੀ ਕੈਬਨਿਟ ਨੇ ਉੱਜਵਲਾ ਯੋਜਨਾ ਦੇ ਤਹਿਤ ਪ੍ਰਤੀ ਐਲਪੀਜੀ ਸਿਲੰਡਰ ਸਬਸਿਡੀ ਰਾਹਤ ਨੂੰ ਇੱਕ ਸਾਲ ਲਈ ਵਧਾ ਦਿੱਤਾ ਹੈ। ਇਹ ਸਬਸਿਡੀ 300 ਰੁਪਏ ਪ੍ਰਤੀ ਸਿਲੰਡਰ ਹੈ। ਇਹ ਕੀਮਤਾਂ ਅੱਜ ਤੋਂ ਹੀ ਲਾਗੂ ਹਨ।
ਐਕਸ 'ਤੇ ਪੋਸਟ ਕਰਦਿਆਂ ਪੀਐਮ ਨੇ ਲਿਖਿਆ - ਇਹ ਕਦਮ ਵਾਤਾਵਰਣ ਦੀ ਸੁਰੱਖਿਆ 'ਚ ਵੀ ਮਦਦਗਾਰ ਹੋਵੇਗਾ, ਜਿਸ ਨਾਲ ਪੂਰੇ ਪਰਿਵਾਰ ਦੀ ਸਿਹਤ 'ਚ ਵੀ ਸੁਧਾਰ ਹੋਵੇਗਾ।
ਹੁਣ ਕਿਸ ਰੇਟ 'ਤੇ ਮਿਲੇਗਾ ਸਿਲੰਡਰ?
ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਸਵੇਰੇ 9 ਵਜੇ ਤੱਕ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟਾਂ ਨੂੰ ਅਪਡੇਟ ਨਹੀਂ ਕੀਤਾ ਗਿਆ ਸੀ। ਬਿਨਾਂ ਸਬਸਿਡੀ ਵਾਲੇ 14 ਕਿਲੋ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ 903 ਰੁਪਏ ਅਤੇ ਕੋਲਕਾਤਾ ਵਿੱਚ 929 ਰੁਪਏ ਹੈ। ਪੰਜਾਬ ਵਿੱਚ ਇਹ ਕੀਮਤ ਵੀ 930 ਰੁਪਏ ਦੇ ਕਰੀਬ ਹੈ। ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਆਖਰੀ ਵਾਰ 30 ਅਗਸਤ, 2023 ਨੂੰ ਬਦਲੀਆਂ ਗਈਆਂ ਸਨ। 1 ਮਾਰਚ 2023 ਨੂੰ ਦਿੱਲੀ ਵਿੱਚ ਐਲਪੀਜੀ ਦਾ ਰੇਟ 1103 ਰੁਪਏ ਪ੍ਰਤੀ ਸਿਲੰਡਰ ਸੀ। ਇਸ ਤੋਂ ਬਾਅਦ ਇਸ ਨੂੰ ਇਕ ਵਾਰ 'ਚ 200 ਰੁਪਏ ਸਸਤਾ ਕਰ ਦਿੱਤਾ ਗਿਆ।