ਲੁਧਿਆਣਾ 'ਚ ਇਕ ਔਰਤ ਨੂੰ ਵਿਆਹ ਦਾ ਲਹਿੰਗਾ ਵੇਚਣਾ ਮਹਿੰਗਾ ਪੈ ਗਿਆ। ਔਰਤ ਨੇ ਲਹਿੰਗਾ ਵੇਚਣ ਲਈ OLX 'ਤੇ ਪੋਸਟ ਪਾਈ ਸੀ। ਪੋਸਟ ਪਾਉਣ ਤੋਂ ਕੁਝ ਮਿੰਟਾਂ ਬਾਅਦ ਹੀ ਉਸ ਨੂੰ ਇੱਕ ਕਾਲ ਆਈ, ਜਿਸ ਵਿੱਚ ਵਿਅਕਤੀ ਨੇ ਕਿਹਾ ਕਿ ਉਸ ਨੂੰ ਲਹਿੰਗਾ ਬਹੁਤ ਪਸੰਦ ਹੈ ਅਤੇ ਉਹ ਇਸ ਨੂੰ ਖਰੀਦਣਾ ਚਾਹੁੰਦਾ ਹੈ। ਇਸ ਤੋਂ ਬਾਅਦ ਵਿਅਕਤੀ ਨੇ ਕਿਹਾ ਕਿ ਉਹ ਇਸ ਦਾ ਭੁਗਤਾਨ ਆਨਲਾਈਨ ਕਰੇਗਾ। ਇਸ ਦੌਰਾਨ ਵਿਅਕਤੀ ਨੇ QR ਕੋਡ ਸਕੈਨ ਕਰ ਕੇ ਔਰਤ ਦੇ ਖਾਤੇ 'ਚੋਂ 48 ਹਜ਼ਾਰ ਰੁਪਏ ਕਢਵਾ ਲਏ।
OLX 'ਤੇ 5 ਹਜ਼ਾਰ ਰੁਪਏ ਦਾ ਲਹਿੰਗਾ ਵੇਚਣ ਲਈ ਪਾਈ ਸੀ ਪੋਸਟ
ਪੀੜਤ ਔਰਤ ਖੁਸ਼ਵਿੰਦਰ ਨੇ ਦੱਸਿਆ ਕਿ ਉਸ ਨੇ ਆਪਣੇ ਵਿਆਹ ਦਾ ਲਹਿੰਗਾ ਵੇਚਣ ਲਈ OLX 'ਤੇ ਪੋਸਟ ਪਾਈ ਸੀ। ਪੋਸਟ ਕਰਨ ਦੇ 5 ਮਿੰਟ ਬਾਅਦ ਹੀ ਇੱਕ ਵਿਅਕਤੀ ਨੇ ਫੋਨ ਕਰ ਕੇ ਲਹਿੰਗਾ ਖਰੀਦਣ ਲਈ ਕਿਹਾ। ਉਹ ਲਹਿੰਗਾ ਆਪਣੇ ਸਾਥੀ ਨੂੰ ਘਰ ਭੇਜ ਕੇ ਪ੍ਰਾਪਤ ਕਰੇਗਾ ਅਤੇ ਆਨਲਾਈਨ ਭੁਗਤਾਨ ਕਰ ਰਿਹਾ ਹੈ।
ਫੋਨ 'ਤੇ ਗੱਲ ਕਰਦੇ ਸਮੇਂ ਦੋ ਵਾਰ ਪੈਸੇ ਕੱਟੇ ਗਏ
ਪੀੜਤਾ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਠੱਗ ਨੇ QR ਸਕੈਨ ਕੋਡ ਭੇਜਣ ਲਈ ਕਿਹਾ। ਜਦੋਂ ਸਕੈਨ ਕੋਡ ਭੇਜਿਆ ਗਿਆ ਤਾਂ ਦੋ ਵਾਰ ਬੈਂਕ ਖਾਤੇ ਵਿੱਚੋਂ 48 ਹਜ਼ਾਰ ਰੁਪਏ ਕਢਵਾ ਲਏ ਗਏ। ਗੱਲਬਾਤ ਦੌਰਾਨ ਠੱਗ ਨੇ ਕਿਹਾ ਕਿ ਜੇਕਰ ਉਸ ਨੇ ਫ਼ੋਨ ਕੱਟ ਦਿੱਤਾ ਤਾਂ ਉਸ ਦੇ ਪੈਸੇ ਵਾਪਸ ਨਹੀਂ ਹੋਣਗੇ।
ਸਾਈਬਰ ਸੈੱਲ 'ਚ ਦਰਜ ਕਰਵਾਈ ਸ਼ਿਕਾਇਤ
ਪੀੜਤ ਔਰਤ ਖੁਸ਼ਵਿੰਦਰ ਕੌਰ ਨੇ ਇਸ ਮਾਮਲੇ ਦੀ ਸ਼ਿਕਾਇਤ ਆਨਲਾਈਨ ਸਾਈਬਰ ਕਰਾਈਮ ਨੂੰ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਹੈ ਕਿ ਉਕਤ ਠੱਗ ਨੂੰ ਜਲਦ ਤੋਂ ਜਲਦ ਫੜ ਕੇ ਉਸ ਦੇ ਬੈਂਕ 'ਚੋਂ ਕਢਵਾਏ ਗਏ ਪੈਸੇ ਵਾਪਸ ਦਿਵਾਏ ਜਾਣ |