ਮਹੰਤ ਬਾਲਕਾਨੰਦ ਗਿਰੀ ਮਹਾਰਾਜ ਨੂੰ ਸਵਾਈ ਮਾਧੋਪੁਰ ਜ਼ਿਲੇ ਦੇ ਖੰਡਰ ਉਪਮੰਡਲ ਖੇਤਰ 'ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਮਿਲੀ ਹੈ। ਇਸ ਧਮਕੀ ਭਰੇ ਕਾਲ ਵਿੱਚ ਮਹੰਤ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਮਿਲੇ ਤਾਂ ਮੈਂ ਤੁਹਾਨੂੰ ਗੋਲੀਆਂ ਨਾਲ ਭੁੰਨਾਂਗਾ।
ਜੇ ਗੋਗਾਮੇੜੀ ਨਹੀਂ ਬਚਿਆ ਤਾਂ ਤੁਹਾਡਾ ਕੀ ਹੋਵੇਗਾ?
ਇਸ ਦੇ ਨਾਲ ਹੀ ਮਹੰਤ ਨੂੰ ਫੋਨ 'ਤੇ ਇਹ ਵੀ ਕਿਹਾ ਗਿਆ ਕਿ ਇੰਨੀ ਸੁਰੱਖਿਆ ਤੋਂ ਬਾਅਦ ਵੀ ਜੇਕਰ ਸੁਖਦੇਵ ਸਿੰਘ ਗੋਗਾਮੇੜੀ ਨਹੀਂ ਬਚਿਆ ਤਾਂ ਤੁਹਾਡਾ ਕੀ ਬਣੇਗਾ। ਬਿਸ਼ਨੋਈ ਦੇ ਨਾਂ 'ਤੇ ਮਿਲੀ ਧਮਕੀ ਤੋਂ ਬਾਅਦ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਮਹੰਤ ਨੇ ਇਸ ਮਾਮਲੇ ਨੂੰ ਲੈ ਕੇ ਏਡੀਜੀ ਕ੍ਰਾਈਮ ਦਿਨੇਸ਼ ਐਮਐਨ ਨਾਲ ਮੁਲਾਕਾਤ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਦੱਸਿਆ ਲਾਰੈਂਸ ਬਿਸ਼ਨੋਈ ਦਾ ਭਾਣਜਾ
ਮਹੰਤ ਬਾਲਕਾਨੰਦ ਗਿਰੀ ਮਹਾਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਵਾਰ ਧਮਕੀ ਭਰੇ ਫੋਨ ਆਏ ਹਨ, ਜਿਸ ਸਬੰਧੀ ਉਨ੍ਹਾਂ ਨੇ ਖੰਡਰ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 29 ਦਸੰਬਰ 2023 ਨੂੰ ਦੁਪਹਿਰ 2 ਵਜੇ ਉਹ ਭਜਨ ਕਰ ਰਹੇ ਸਨ। ਇਸੇ ਦੌਰਾਨ ਮੋਬਾਈਲ 'ਤੇ ਕਾਲ ਆਈ, ਇਸ 'ਚ ਧਮਕੀ ਦੇਣ ਵਾਲੇ ਨੌਜਵਾਨ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਭਾਣਜਾ ਦੱਸਿਆ।