ਖਬਰਿਸਤਾਨ ਨੈੱਟਵਰਕ- ਨਵਜੰਮੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਹਸਪਤਾਲ ਤੋਂ ਘਰ ਆਉਂਦੇ ਸਮੇਂ ਇਕ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਕਾਰ ਨਹਿਰ ਵਿਚ ਡਿੱਗ ਗਈ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ।
ਨਵਜੰਮੇ ਬੱਚੇ ਦੀ ਵੀ ਗਈ ਜਾਨ
ਇਹ ਹਾਦਸਾ ਬੁੱਧਵਾਰ ਸਵੇਰੇ ਉਤਰਾਖੰਡ ਦੇ ਹਲਦਵਾਨੀ ਵਿੱਚ ਵਾਪਰਿਆ। ਰਿਪੋਰਟ ਮੁਤਾਬਕ ਸੁਸ਼ੀਲਾ ਤਿਵਾੜੀ ਹਸਪਤਾਲ ਤੋਂ ਬੱਚੇ ਦੀ ਡਿਲੀਵਰੀ ਤੋਂ ਬਾਅਦ ਪਰਿਵਾਰ ਘਰ ਪਰਤ ਰਿਹਾ ਸੀ ਕਿ ਕਾਰ ਇਕ ਨਹਿਰ ਵਿੱਚ ਡਿੱਗ ਗਈ। ਜਿਸ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 7:00 ਵਜੇ ਕੋਤਵਾਲੀ ਇਲਾਕੇ ਵਿੱਚ ਮੰਡੀ ਸਮਿਤੀ ਗੇਟ ਦੇ ਸਾਹਮਣੇ ਸਿੰਚਾਈ ਨਹਿਰ ਵਿੱਚ ਵਾਪਰਿਆ। ਭਾਰੀ ਮੀਂਹ ਕਾਰਨ ਨਾਲਾ ਭਰ ਗਿਆ ਸੀ, ਜਿਸ ਦੌਰਾਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਾਲੇ ਵਿੱਚ ਡਿੱਗ ਗਈ। ਹਾਦਸੇ ਤੋਂ ਤਿੰਨ ਦਿਨ ਪਹਿਲਾਂ ਪੈਦਾ ਹੋਇਆ ਬੱਚਾ ਵੀ ਬਚ ਨਹੀਂ ਸਕਿਆ।
ਕਾਰ 'ਚ 7 ਲੋਕ ਸਨ ਸਵਾਰ
ਜਾਣਕਾਰੀ ਅਨੁਸਾਰ ਕਾਰ ਨਹਿਰ ਵਿੱਚ ਡਿੱਗਦੇ ਹੀ ਪਲਟ ਗਈ ਅਤੇ ਥੋੜ੍ਹੀ ਅੱਗੇ ਵਗਦੇ ਇੱਕ ਨਾਲੇ ਵਿੱਚ ਫਸ ਗਈ। ਜਿਸ ਕਾਰਨ ਪਾਣੀ ਕਾਰ ਵਿੱਚ ਵੜ ਗਿਆ ਅਤੇ ਲੋਕ ਆਪਣੇ ਆਪ ਨੂੰ ਨਹੀਂ ਬਚਾ ਸਕੇ। ਕਾਰ ਵਿੱਚ ਕੁੱਲ 7 ਲੋਕ ਸਨ। ਜਿਸ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਟੀਮ ਨੇ ਕਾਰ ਵਿੱਚ ਫਸੇ ਲੋਕਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ।
ਹਲਦਵਾਨੀ ਦੇ ਐਸਪੀ ਸਿਟੀ ਪ੍ਰਕਾਸ਼ ਚੰਦਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਕਰੇਨ ਦੀ ਮਦਦ ਨਾਲ ਨਾਲੇ ਦੇ ਹੇਠਾਂ ਫਸੇ ਵਾਹਨ ਨੂੰ ਕਢਿਆ ਗਿਆ। ਉਨ੍ਹਾਂ ਦੱਸਿਆ ਕਿ ਕਾਰ ਵਿਚ ਕੁੱਲ 7 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਤਿੰਨ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਕਾਰ ਅਤੇ ਮ੍ਰਿਤਕਾਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ। ਇਹ ਲੋਕ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਿੱਛਾ ਦੇ ਰਹਿਣ ਵਾਲੇ ਸਨ। ਸੀਐਮ ਧਾਮੀ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।