ਖਬਰਿਸਤਾਨ ਨੈੱਟਵਰਕ- ਰਾਤ ਸਮੇਂ ਇਲੈਕਟ੍ਰਾਨਿਕ ਸਕੂਟਰੀ ਵਿਚ ਉਸ ਸਮੇਂ ਧਮਾਕਾ ਹੋ ਗਿਆ ਜਦੋਂ ਉਸ ਨੂੰ ਚਾਰਜਿੰਗ ਉਤੇ ਲਗਾਇਆ ਹੋਇਆ ਸੀ, ਇਸ ਦੌਰਾਨ ਅੱਗ ਪੂਰੇ ਘਰ ਵਿਚ ਫੈਲ ਗਈ। ਇਹ ਘਟਨਾ ਆਗਰਾ ਤੋਂ ਸਾਹਮਣੇ ਆਈ ਹੈ, ਜਿਥੇ ਇਲੈਕਟ੍ਰਿਕ ਸਕੂਟਰੀ ਵਿਚ ਬਲਾਸਟ ਹੋ ਗਿਆ। ਇਸ ਦਰਦਨਾਕ ਘਟਨਾ ਵਿਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ।
2 ਲੋਕਾਂ ਦੀ ਹੋਈ ਮੌਤ
ਮੀਡੀਆ ਰਿਪੋਰਟ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਹਾਦਸੇ ਵਿਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਜਗਦੀਸ਼ਪੁਰ ਥਾਣਾ ਖੇਤਰ ਦੇ ਲਕਸ਼ਮੀ ਨਗਰ ਵਿੱਚ ਇੱਕ ਇਲੈਕਟ੍ਰਿਕ ਸਕੂਟਰੀ ਫਟਣ ਨਾਲ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਜੋੜਾ, ਭਗਵਤੀ ਪ੍ਰਸਾਦ (90) ਅਤੇ ਉਸਦੀ ਪਤਨੀ, ਉਰਮਿਲਾ ਦੇਵੀ (85) ਦੀ ਮੌਤ ਹੋ ਗਈ।
ਚਾਰਜਿੰਗ 'ਤੇ ਲਾ ਕੇ ਸੌਂ ਗਿਆ ਸੀ ਪਰਿਵਾਰ
ਮੁੱਢਲੀ ਜਾਂਚ ਦੇ ਅਨੁਸਾਰ, ਇਲੈਕਟ੍ਰਿਕ ਸਕੂਟਰੀ ਵਿੱਚ ਸ਼ਾਰਟ ਸਰਕਟ ਕਾਰਨ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਸਕੂਟਰੀ ਰਾਤ ਭਰ ਚਾਰਜ ਹੋ ਰਹੀ ਸੀ ਤੇ ਪਰਿਵਾਰ ਸੌਂ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਜੋੜੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗਦੀਸ਼ਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਹਾਦਸੇ ਨੇ ਇਲੈਕਟ੍ਰਿਕ ਸਕੂਟਰੀ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਚਾਰਜ ਕਰਦੇ ਸਮੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾ ਚਾਰਜਿੰਗ, ਢਿੱਲੇ ਕੁਨੈਕਸ਼ਨ ਅਤੇ ਨੁਕਸਦਾਰ ਤਾਰਾਂ ਅੱਗ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ, ਇਲੈਕਟ੍ਰਿਕ ਸਕੂਟਰੀਆਂ ਨੂੰ ਚਾਰਜ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ।