• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮਿਲੋ ਬਹਾਰ ਗੀਤਾਂ ਦੇ ਗੀਤਕਾਰ ਨੰਦ ਲਾਲ ਨੂਰਪੁਰੀ ਨਾਲ

8/12/2022 7:47:00 PM Raman     and Lal Nurpuri, gori diyan jhanjran,mainu deor de viyah vich, ghund chack lai     ਮਿਲੋ ਬਹਾਰ ਗੀਤਾਂ ਦੇ ਗੀਤਕਾਰ ਨੰਦ ਲਾਲ ਨੂਰਪੁਰੀ ਨਾਲ 

ਖਬਰਿਸਤਾਨ ਨੈਟਵਰਕ। 'ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ', 'ਪੈਰ ਧੋ ਕੇ ਝਾਂਜਰਾਂ ਪਾਉਂਦੀ', 'ਕੈਂਠੇ ਵਾਲਾ ਆ ਗਿਆ ਪ੍ਰਾਹੁਣਾ', 'ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ', 'ਘੁੰਡ ਕੱਢ ਲੈ ਪਤਲੀਏ ਨਾਰੇ', 'ਕੌਣ ਆਖੂ ਜ਼ੈਲਦਾਰਨੀ' ਆਦਿ ਛੇ ਦਰਜਨ ਸਦਾ- ਬਹਾਰ ਗੀਤਾਂ ਦਾ ਗੀਤਕਾਰ ਨੰਦ ਲਾਲ ਨੂਰਪੁਰੀ ਆਪਣੇ ਸਮੇਂ ਦਾ ਵੱਡਾ ਕਵੀ ਸੀ। ਉਸ ਨੇ ਗੀਤਾਂ ਤੋਂ ਇਲਾਵਾ ਕਵਿਤਾਵਾਂ ਅਤੇ ਗ਼ਜ਼ਲਾਂ ਵੀ ਲਿਖੀਆਂ, ਜੋ ਕਾਫੀ ਮਕਬੂਲ ਹੋਈਆਂ।

ਨੂਰਪੁਰੀ ਦਾ ਜਨਮ 1906 ਈ. ਵਿੱਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿੱਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਪਿੱਛੋਂ ਉਸਨੇ ਖਾਲਸਾ ਕਾਲਜ ਵਿਖੇ ਦਾਖਲਾ ਲੈ ਲਿਆ।

ਇਸ ਸਮਾਂ ਰਾਜਸੀ ਉਥਲ ਪੁਥਲ ਦਾ ਸਮਾਂ ਸੀ। ਨਾ- ਮਿਲਵਰਤਣ ਲਹਿਰ, ਅਕਾਲੀ ਲਹਿਰ, ਪ੍ਰਗਤੀਵਾਦੀ ਲਹਿਰ ਆਦਿ ਦੇ ਨਾਲ- ਨਾਲ ਕਾਮਾਗਾਟਾ ਮਾਰੂ, ਬਜਬਜ ਘਾਟ ਅਤੇ ਜੱਲਿਆਂਵਾਲਾ ਬਾਗ ਦੇ ਸਾਕੇ ਵਾਪਰ ਰਹੇ ਸਨ। ਦੇਸ਼ ਭਗਤੀ ਅਤੇ ਕਵੀ- ਦਰਬਾਰਾਂ ਦੇ ਇਸ ਯੁੱਗ ਵਿੱਚ ਸ਼ਰਫ਼, ਹਮਦਮ, ਦਾਮਨ, ਤੀਰ ਵਰਗੇ ਸ਼ਾਇਰ ਵੀ ਹੀਰਾ ਸਿੰਘ ਦਰਦ ਅਤੇ ਗੁਰਮੁਖ ਸਿੰਘ ਮੁਸਾਫ਼ਿਰ ਵਰਗੇ ਰਾਜਸੀ ਕਵੀਆਂ ਦੀ ਸ਼੍ਰੇਣੀ ਵਿੱਚ ਆ ਸ਼ਾਮਲ ਹੋਏ। ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਉਸਤਾਦ ਕਵੀਆਂ ਦੇ ਪ੍ਰਭਾਵ ਹੇਠ ਨੰਦ ਲਾਲ ਨੂਰਪੁਰੀ ਵੀ ਇਨ੍ਹਾਂ ਲਹਿਰਾਂ ਤੋਂ ਅਭਿੱਜ ਨਾ ਰਹਿ ਸਕਿਆ। 

ਕਵੀ- ਦਰਬਾਰਾਂ ਵਿੱਚ ਹਿੱਸਾ ਲੈਣ ਕਰਕੇ ਉਹਦੀ ਪੜ੍ਹਾਈ ਵਿੱਚੇ ਹੀ ਛੁੱਟ ਗਈ। ਰੋਜ਼ੀ- ਰੋਟੀ ਦੀ ਤਲਾਸ਼ ਹਿਤ ਪਹਿਲਾਂ ਉਹ ਸਕੂਲ ਮਾਸਟਰ ਲੱਗਿਆ ਅਤੇ ਫਿਰ ਬੀਕਾਨੇਰ ਵਿਖੇ ਛੋਟਾ ਥਾਣੇਦਾਰ ਨਿਯੁਕਤ ਹੋ ਗਿਆ। ਪਰ ਨੂਰਪੁਰੀ ਕਿਸੇ ਵੀ ਬੰਧਨ ਵਿੱਚ ਬੱਝ ਕੇ ਰਹਿਣ ਨੂੰ ਤਿਆਰ ਨਹੀਂ ਸੀ। ਇਹੋ ਜਿਹੇ ਸਮੇਂ ਹੀ ਉਹ ਨੇ ਲਿਖਿਆ ਸੀ:

 

   ਏਥੋਂ ਉੱਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ।

   ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ। 

 

     ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ। ਨੂਰਪੁਰੀ ਆਪ ਭਾਵੇਂ ਕੇਸਾਧਾਰੀ ਨਹੀਂ ਸੀ, ਪਰ ਉਸ ਦੀ ਪਤਨੀ ਨੇ ਪਿੱਛੋਂ ਅੰਮ੍ਰਿਤ ਵੀ ਛਕ ਲਿਆ ਸੀ। ਨੂਰਪੁਰੀ ਦੇ ਮਨ ਵਿੱਚ ਗੁਰੂ- ਘਰ ਲਈ ਅਥਾਹ ਸ਼ਰਧਾ ਸੀ। ਉਸ ਦੇ ਲਿਖੇ ਧਾਰਮਿਕ ਜਜ਼ਬੇ ਵਾਲੇ ਗੀਤ 'ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ', 'ਵੱਸਦੇ ਅਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ', 'ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀ ਚੰਨਾਂ ਦੀਆਂ ਗਾਵੇ' ਆਦਿ ਰਾਹੀਂ ਉਸ ਦਾ ਧਾਰਮਿਕ ਜਜ਼ਬਾ ਪ੍ਰਗਟ ਹੁੰਦਾ ਹੈ। 

1940 ਵਿੱਚ ਉਹ ਬੀਕਾਨੇਰ ਤੋਂ ਪੰਜਾਬ ਆ ਗਿਆ। ਇਨ੍ਹਾਂ ਦਿਨਾਂ ਵਿੱਚ ਹੀ ਸ਼ੋਰੀ ਫ਼ਿਲਮ ਕੰਪਨੀ ਦੀ ਮੰਗ ਉੱਤੇ ਉਸਨੇ  ਪੰਜਾਬੀ ਫ਼ਿਲਮ 'ਮੰਗਤੀ' ਦੇ ਗੀਤ ਲਿਖੇ। ਮੁਹੰਮਦ ਰਫ਼ੀ ਦਾ ਗਾਇਆ ਗੀਤ 'ਜੀਅ ਕਰਦਾ ਏ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ' ਉਨ੍ਹਾਂ ਦਿਨਾਂ ਵਿੱਚ ਸੁਪਰ–ਹਿੱਟ ਹੋਇਆ ਸੀ। ਜਿਸ ਨਾਲ ਬਤੌਰ ਗੀਤਕਾਰ ਉਸਦੀ ਥਾਂ- ਥਾਂ ਮੰਗ ਵਧਣ ਲੱਗੀ। ਇਸੇ ਪ੍ਰਕਾਰ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤ ਵੀ ਖੂਬ ਮਕਬੂਲ ਹੋਏ। ਨੂਰਪੁਰੀ ਨੇ ਮਿਰਜ਼ਾ ਸਾਹਿਬਾਂ ਤੇ ਇੱਕ ਓਪੇਰਾ ਵੀ ਲਿਖਿਆ। ਕੋਲੰਬੀਆ ਰਿਕਾਰਡਿੰਗ ਕੰਪਨੀ ਆਦਿ ਲਈ ਵੀ ਉਸ ਨੇ ਬਹੁਤ ਹਿੱਟ ਗਾਣੇ ਲਿਖੇ, ਜਿਹੜੇ ਕਾਫ਼ੀ ਚਰਚਿਤ ਹੋਏ। 

 ਦੇਸ਼ ਵੰਡ ਪਿੱਛੋਂ ਕਾਫ਼ੀ ਉੱਥਲ- ਪੁੱਥਲ ਹੋਈ ਤੇ ਉਸ ਨੇ ਭਾਸ਼ਾ ਵਿਭਾਗ ਵਿੱਚ ਨੌਕਰੀ ਕਰ ਲਈ। ਪਰ ਇੱਥੇ ਵੀ ਉਹ ਦੋ- ਢਾਈ ਸਾਲਾਂ ਤੋਂ ਵਧੇਰੇ ਨਾ ਟਿਕ ਸਕਿਆ। ਮਾਡਲ ਹਾਊਸ ਕਾਲੋਨੀ ਜਲੰਧਰ ਵਿਖੇ ਰਿਹਾਇਸ਼ ਕਰਨ ਪਿੱਛੋਂ ਉਹ ਕਵੀ- ਦਰਬਾਰਾਂ ਅਤੇ ਰੇਡੀਓ ਪ੍ਰੋਗਰਾਮਾਂ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਾ। ਪੰਜਾਬ ਸਰਕਾਰ ਵੱਲੋਂ 75/- ਮਹੀਨਾ ਵੀ ਮਿਲਦੇ ਰਹੇ। ਪਰ ਵੱਡੇ ਪਰਿਵਾਰ ਦਾ ਇੰਨੀ ਕੁ ਆਮਦਨ ਨਾਲ ਗੁਜ਼ਾਰਾ ਹੋਣਾ ਮੁਸ਼ਕਿਲ ਸੀ। ਉਸਦੇ ਗੀਤਾਂ ਅਤੇ ਗ਼ਜ਼ਲਾਂ ਵਿੱਚ ਨਿਰਾਸ਼ਾ ਦਾ ਰੰਗ ਨਜ਼ਰ ਆਉਣ ਲੱਗਿਆ:

   i) ਬੜਾ ਜ਼ਿੰਦਗੀ ਦਾ ਮੈਂ ਸਤਾਇਆ ਹੋਇਆ ਹਾਂ।

      ਕਿ ਤੰਗ ਏਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।

 ii) ਬਿਨਾਂ ਕਫ਼ਨ ਦੇ ਲੈ ਚੱਲੋ ਯਾਰੋ ਮੈਨੂੰ।

      ਕਿ ਲੁਕ ਕੇ ਗਿਆ ਆਖੂ ਸੰਸਾਰ ਮੈਨੂੰ। 

ਤੰਗੀਆਂ- ਤੁਰਸ਼ੀਆਂ ਦੇ ਬਾਵਜੂਦ ਨੂਰਪੁਰੀ ਨੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ। ਪਰ ਹੌਲੀ- ਹੌਲੀ ਉਸ ਦੇ ਮਨ ਵਿੱਚ ਆਤਮਹੱਤਿਆ ਦੇ ਵਿਚਾਰ ਬਣਦੇ ਗਏ। ਅੰਤ 13 ਮਈ 1966 ਨੂੰ ਰਾਤ ਵੇਲੇ ਆਪਣੇ ਘਰ ਦੇ ਨੇੜੇ ਇੱਕ ਖੂਹ ਵਿੱਚ ਛਾਲ ਮਾਰ ਕੇ ਉਸ ਨੇ ਇਸ ਦੁਖ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਲਿਆ। ਕਰੀਬ 60 ਸਾਲ ਦੀ ਉਮਰ ਵਿੱਚ ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ- ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ। ਜਿਨ੍ਹਾਂ ਵਿੱਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ।

 ਇਨ੍ਹਾਂ ਵਿੱਚ ਗੀਤਾਂ ਦੀ ਗਿਣਤੀ ਸਭ ਤੋਂ ਵਧੀਕ, ਯਾਨੀ 71 ਹੈ, ਕਵਿਤਾਵਾਂ 25 ਅਤੇ ਸਭ ਤੋਂ ਘੱਟ ਗ਼ਜ਼ਲਾਂ, ਯਾਨੀ 12 ਹਨ। ਉਸ ਦੀ ਸਮੁੱਚੀ ਰਚਨਾ ਨੂੰ ਇੱਕ ਸੁਚੱਜੀ ਤਰਤੀਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿੱਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਮ ਹੇਠ ਛਾਪਿਆ ਗਿਆ ਸੀ।ਇਸ ਪੁਸਤਕ ਦੀ 11 ਸਫ਼ਿਆਂ ਦੀ ਲੰਮੀ ਭੂਮਿਕਾ ਵਿੱਚ ਪ੍ਰੋ.ਮੋਹਨ ਸਿੰਘ ਨੇ ਨੂਰਪੁਰੀ- ਕਾਵਿ ਦੇ ਵਿਭਿੰਨ ਪਹਿਲੂਆਂ ਨੂੰ ਬੜੀ ਬਾਰੀਕੀ ਨਾਲ ਵਿਉਂਤਬੱਧ ਕੀਤਾ ਹੈ।

ਨੰਦਲਾਲ ਨੂਰਪੁਰੀ ਦੀਆਂ ਅੱਡ- ਅੱਡ ਪ੍ਰਕਾਸ਼ਿਤ ਪੁਸਤਕਾਂ ਵਿੱਚ 'ਨੂਰੀ ਪਰੀਆਂ', 'ਵੰਗਾਂ', 'ਜਿਉਂਦਾ ਪੰਜਾਬ', 'ਨੂਰਪੁਰੀ ਦੇ ਗੀਤ', 'ਸੁਗਾਤ' ਸ਼ਾਮਲ ਹਨ। ਇਨ੍ਹਾਂ 'ਚੋਂ ਆਖਰੀ ਪੁਸਤਕ 'ਸੁਗਾਤ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਨੂਰਪੁਰੀ ਦੀਆਂ ਕਵਿਤਾਵਾਂ ਦੇ ਵਿਸ਼ੇ ਵਿਕੋਲਿਤਰੇ ਹਨ, ਜਿਨ੍ਹਾਂ  ਵਿੱਚ ਇਤਿਹਾਸਕ, ਅਧਿਆਤਮਕ, ਰੋਮਾਂਚਿਕ, ਪੰਜਾਬੀ ਜਨ- ਜੀਵਨ, ਰਹਿਣੀ- ਬਹਿਣੀ ਦਾ ਰੰਗ ਨਜ਼ਰ ਆਉਂਦਾ ਹੈ। 1925 ਵਿੱਚ ਉਸ ਨੇ ਸਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਲਿਖਿਆ, ਜੋ ਦੇਸ਼- ਪਿਆਰ ਦੀ ਭਾਵਨਾ ਨਾਲ ਓਤਪੋਤ ਹੈ। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਉਂਦੇ ਹਨ, ਉਹ ਦੇਸ਼ ਸਦਾ ਜਿਉਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁਝ ਦੇ ਸਕਾਂ, ਆਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।..." ਉਸਨੇ ਕੇਵਲ ਰੋਮਾਂਟਿਕ ਜਾਂ ਚੁਲਬੁਲੇ ਗੀਤ ਹੀ ਨਹੀਂ ਲਿਖੇ, ਸਗੋਂ ਦੇਸ਼- ਭਗਤੀ, ਸਮਾਜਿਕ ਚੇਤਨਤਾ ਅਤੇ ਧਾਰਮਿਕ ਰੰਗਣ ਵਾਲੇ ਗੀਤਾਂ ਦੀ ਰਚਨਾ ਵੀ ਕੀਤੀ ਹੈ। ਬਹੁਤੇ ਗੀਤਾਂ ਲਈ ਉਸਨੇ ਲੋਕ- ਧਾਰਨਾ ਨੂੰ ਹੀ ਵਰਤਿਆ ਹੈ ਅਤੇ ਕਈ ਗੀਤਾਂ ਵਿੱਚੋਂ ਲੋਕਗੀਤਾਂ ਵਰਗਾ ਅਨੰਦ ਮਿਲਦਾ ਹੈ।  

 

     ਨੂਰਪੁਰੀ ਰਚਿਤ ਕਾਵਿ ਵਿੱਚੋਂ ਕੁਝ ਚੋਣਵੀਆਂ ਵੰਨਗੀਆਂ:

 

       * ਚੱਲ ਜੀਆ ਘਰ ਆਪਣੇ ਚੱਲੀਏ,

          ਨਾ ਕਰ ਮੱਲਾ ਅੜੀਆਂ।

          ਇਹ ਪਰਦੇਸ, ਦੇਸ਼ ਨਹੀਂ ਸਾਡਾ,

          ਏਥੇ ਗੁੰਝਲਾਂ ਬੜੀਆਂ।

      *  ਪੀਂਘਾਂ ਪਈਆਂ ਪਿੱਪਲਾਂ ਨਾਲ,

          ਕੁੜੀਆਂ ਲੱਦੀਆਂ ਸੋਨੇ ਨਾਲ।

          ਸੋਨਾ ਸੋਭੇ ਰੂਪ ਨਾਲ।

      *  ਨਾ ਦੇ ਇਹ ਸਵਰਗਾਂ ਦਾ ਲਾਰਾ,

         ਸਾਨੂੰ ਸਾਡਾ ਕੁਫ਼ਰ ਪਿਆਰਾ।

         ਮੰਦਰ ਦੀਆਂ ਦਲੀ੍ਜ਼ਾਂ ਲੰਘ ਕੇ,

         ਮੈਂ ਕੀ ਮੱਥੇ ਟੇਕਾਂ।

     *  ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਲਾਲ ਨੀ

         ਤੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਨਾਲ ਨੀ।

     *  ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ 

         ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ।

     *  ਬੱਲੇ ਜੱਟਾ ਬੱਲੇ, ਕੱਲ੍ਹ ਕੌਡੀ ਨਹੀਂ ਸੀ ਪੱਲੇ

         ਅੱਜ ਤੇਰਾ ਸਿੱਕਾ ਸਾਰੇ ਦੇਸ਼ ਵਿੱਚ ਚੱਲੇ।

     *  ਓ ਦੁਨੀਆ ਦੇ ਬੰਦਿਓ ਪੂਜੋ ਉਨ੍ਹਾਂ ਨੇਕ ਇਨਸਾਨਾਂ ਨੂੰ

         ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ

         ਜਾਨਾਂ ਨੂੰ।

     *  ਤੂੰ ਨਮਾਜ਼ੀ ਬਣ ਨਾ ਕੋਈ ਫਰਕ ਨਹੀਂ,

         ਤੇਰਿਆਂ ਐਬਾਂ ਦਾ ਚਰਚਾ ਆਮ ਹੈ।

         'ਨੂਰਪੁਰੀਆ' ਜ਼ਿਕਰ ਤੇਰਾ ਸੀ ਕਦੇ

         ਹੁਣ ਨਾ ਤੇਰਾ ਜ਼ਿਕਰ ਹੈ ਨਾ ਨਾਮ ਹੈ।

-ਪ੍ਰੋ . ਨਵ ਸੰਗੀਤ ਸਿੰਘ

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,

ਤਲਵੰਡੀ ਸਾਬੋ - 151302(ਬਠਿੰਡਾ), 9417692015

 

'and Lal Nurpuri','gori diyan jhanjran','mainu deor de viyah vich','ghund chack lai'

Please Comment Here

Similar Post You May Like

Recent Post

  • PM ਮੋਦੀ ਅੱਜ ਰਾਤ ਦੇਸ਼ ਨੂੰ ਕਰਨਗੇ ਸੰਬੋਧਨ, ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਹੋਵੇਗਾ ਪਹਿਲਾ ਬਿਆਨ ...

  • ਪੰਜਾਬ ਪੁਲਿਸ ਨੇ ਜਾਰੀ ਕੀਤਾ ਅਲਰਟ, ਪਾਕਿਸਤਾਨ ਸਾਇਬਰ ਹਮਲੇ ਦੀ ਕਰ ਰਿਹਾ ਕੋਸ਼ਿਸ਼ ...

  • ਆਪ੍ਰੇਸ਼ਨ ਸਿੰਦੂਰ 'ਤੇ ਤਿੰਨਾਂ ਫੌਜਾਂ ਦੇ DGMO ਦੀ ਪ੍ਰੈਸ ਕਾਨਫਰੰਸ ਸ਼ੁਰੂ ...

  • ਜਲੰਧਰ ਦੇ CP ਤੇ DSP ਨਾਲ ਚੇਅਰਮੈਨ ਅਮਨ ਮਹਿਰਾ ਤੇ ਪ੍ਰਧਾਨ ਗਗਨ ਵਾਲੀਆ ਸਮੇਤ ਮੀਡੀਆ ਕਲੱਬ ਦੇ ਮੈਂਬਰਾਂ ਨੇ ਕੀਤੀ ਮੁਲਾ...

  • ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਮੁੜ ਸ਼ੁਰੂ , ਜਲਦ ਖੁੱਲ੍ਹਣਗੇ ਇਹ ਹਵਾਈ ਅੱਡੇ ...

  • ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਕੋਹਲੀ ਦਾ ਮੈਚਾਂ 'ਚ ਰਿਹਾ ਤਗੜਾ ਰਿਕਾਰਡ ...

  • ਪੰਜਾਬ 'ਚ EXAMS ਨੂੰ ਲੈ ਕੇ ਅਹਿਮ ਖ਼ਬਰ, ਪ੍ਰੀਖਿਆਵਾਂ ਦੀ Dates 'ਚ ਹੋਇਆ ਬਦਲਾਅ ...

  • ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ-ਕਾਲਜਾਂ ਨੂੰ ਲੈ ਕੇ ਆਦੇਸ਼ ਕੀਤੇ ਜਾਰੀ,ਜਾਣੋ ਕਦੋਂ ਖੁੱਲਣਗੇ ...

  • ਪੰਜਾਬ 'ਚ ਪਾਣੀ ਨੂੰ ਲੈ ਕੇ ਫਿਰ ਭੱਖਿਆ ਵਿਵਾਦ, CM ਮਾਨ ਨੰਗਲ ਪਹੁੰਚੇ, ਕਿਹਾ - ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿ...

  • ਪੰਜਾਬ ਪੁਲਿਸ ਨੇ ਦੋ ਜਾਸੂਸਾਂ ਨੂੰ ਕੀਤ ਗ੍ਰਿਫ਼ਤਾਰ, ਪਾਕਿਸਤਾਨ ਦੇ ਅਧਿਕਾਰੀ ਨੂੰ ਭੇਜਦੇ ਸੀ ਜਾਣਕਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY