ਹਰਿਆਣਾ ਦੇ ਹੁਣ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਡਿਊਟੀ ਦੌਰਾਨ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਮੋਬਾਈਲ ਫ਼ੋਨ ਰੱਖਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਮੋਬਾਈਲ ਤੋਂ ਇਲਾਵਾ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਹੋਵੇਗੀ।
ਡੀਜੀਪੀ ਨੇ ਹੁਕਮ ਜਾਰੀ ਕਰ ਦੱਸੇ ਕਾਰਨ
ਪੁਲਿਸ ਹੈੱਡਕੁਆਰਟਰ ਦੇ ਪੱਤਰ 'ਚ ਕਿਹਾ ਗਿਆ ਹੈ ਕਿ ਡਿਊਟੀ ਦੌਰਾਨ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਸੰਚਾਰ ਉਪਕਰਨਾਂ ਦੀ ਵਰਤੋਂ ਕਰਮਚਾਰੀਆਂ ਦਾ ਧਿਆਨ ਭਟਕਾਉਂਦੀ ਹੈ। ਇਸ ਨਾਲ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਪੁਲਿਸ ਦਾ ਅਕਸ ਵੀ ਖਰਾਬ ਹੋਇਆ ਹੈ। ਇਸ ਦੇ ਮੱਦੇਨਜ਼ਰ ਡਿਊਟੀ ਦੌਰਾਨ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ
ਲੋੜ ਪੈਣ 'ਤੇ ਆਪਣੇ ਪਰਿਵਾਰ ਨਾਲ ਕਰ ਸਕਦੇ ਹੋ ਗੱਲ
ਪੁਲਿਸ ਮੁਲਾਜ਼ਮ ਆਪਣੇ ਨੰਬਰ ਦੀ ਜਾਣਕਾਰੀ ਯੂਨਿਟ ਇੰਚਾਰਜ ਨੂੰ ਦੇਣਗੇ। ਡਿਊਟੀ ਦੌਰਾਨ ਮੁਲਾਜ਼ਮਾਂ ਦੇ ਮੋਬਾਈਲ ਫੋਨ ਇਕੱਠੇ ਕੀਤੇ ਜਾਣਗੇ। ਇਸ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਇਸ ਦੌਰਾਨ ਉਹ ਇੰਚਾਰਜ ਦੇ ਨੰਬਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਸਕਣਗੇ।