ਬਰਨਾਲਾ ਵਿਚ ਏ.ਸੀ ਸਰਵਿਸ ਕਰਵਾਉਣ ਦੇ ਬਹਾਨੇ ਘਰਾਂ 'ਚ ਦਾਖਲ ਹੋ ਕੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਲੋਕਾਂ ਨੇ ਪੁਲਸ ਹਵਾਲੇ ਕੀਤਾ। ਇਹ ਚੋਰ ਪਹਿਲਾਂ ਠੰਡਾ ਪਾਣੀ ਮੰਗਦੇ ਸਨ ਅਤੇ ਪਾਣੀ ਪੀਣ ਦੇ ਬਹਾਨੇ ਘਰਾਂ 'ਚੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਸਨ ਅਤੇ ਫਰਾਰ ਹੋ ਜਾਂਦੇ ਸਨ।
ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਤੋਂ ਸਾਹਮਣੇ ਆਇਆ ਹੈ। ਦੋਵੇਂ ਚੋਰਾਂ ਨੂੰ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਤਾਂ ਲੋਕਾਂ ਨੇ ਪਹਿਲਾਂ ਦੋਵਾਂ ਚੋਰਾਂ ਦੀ ਛਿੱਤਰ ਪਰੇਡ ਕੀਤੀ ਅਤੇ ਬਾਅਦ 'ਚ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਦੋਵਾਂ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਾਰ ਘਰਾਂ ਨੂੰ ਬਣਾਇਆ ਨਿਸ਼ਾਨਾ
ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਦੋ ਚੋਰ ਪਿਛਲੇ ਕਈ ਦਿਨਾਂ ਤੋਂ ਕਸਬੇ ਦੇ ਲੋਕਾਂ ਦੇ ਘਰਾਂ ਵਿੱਚ ਏ.ਸੀ. ਦੀ ਸਰਵਿਸ ਤਕਨ ਦਾ ਕਹਿ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਦੋਵੇਂ ਚੋਰ ਹੁਣ ਤੱਕ ਚਾਰ ਘਰਾਂ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਚੁੱਕੇ ਹਨ। ਇਹ ਦੋਵੇਂ ਇੰਨੇ ਸ਼ਾਤਿਰ ਚੋਰ ਹਨ ਕਿ ਪਹਿਲਾਂ ਠੰਡਾ ਪਾਣੀ ਮੰਗਦੇ ਹਨ ਅਤੇ ਫਿਰ ਪਾਣੀ ਪੀਣ ਦੇ ਬਹਾਨੇ ਘਰੋਂ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਭੱਜ ਜਾਂਦੇ ਹਨ।
ਸੋਨੇ ਦੀ ਚੇਨ ਤੇ ਐਪਲ ਦੀ ਘੜੀ ਕੀਤੀ ਚੋਰੀ
ਵਪਾਰ ਮੰਡਲ ਦੇ ਆਗੂ ਰਮਨ ਵਰਮਾ ਨੇ ਦੱਸਿਆ ਕਿ ਜਦੋਂ ਫੜੇ ਗਏ ਚੋਰ ਵਰਿੰਦਰਾ ਬੁੱਕ ਡਿਪੂ ਦੇ ਮਾਲਕ ਦੇ ਘਰ ਏਸੀ ਦੀ ਸਰਵਿਸ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਘਰ ਦੀ ਰੇਕੀ ਕੀਤੀ ਤੇ ਬਾਅਦ ਵਿੱਚ ਇੱਕ ਵਿਅਕਤੀ ਨੇ ਸਰਵਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜੇ ਨੇ ਠੰਡਾ ਪਾਣੀ ਮੰਗਵਾਇਆ ਤੇ ਜਦੋਂ ਘਰ ਦਾ ਮਾਲਕ ਵਰਿੰਦਰ ਪਾਣੀ ਲੈਣ ਗਿਆ ਤਾਂ ਉਸ ਨੇ ਪਿੱਛੇ ਤੋਂ ਮੇਜ਼ 'ਤੇ ਰੱਖੀ ਐਪਲ ਦੀ ਘੜੀ ਚੋਰੀ ਕਰ ਲਈ।
ਇਸੇ ਤਰ੍ਹਾਂ ਰਿੰਕੂ ਦੇ ਘਰ ਵੀ ਏਸੀ ਸਰਵਿਸ ਕਰਵਾਉਣ ਦੇ ਬਹਾਨੇ ਠੰਡਾ ਪਾਣੀ ਮੰਗਿਆ ਅਤੇ ਫਿਰ ਸੋਨੇ ਦੀ ਚੇਨ ਲੈ ਕੇ ਦੋਵੇਂ ਫਰਾਰ ਹੋ ਗਏ। ਰਮਨ ਵਰਮਾ ਨੇ ਦੱਸਿਆ ਕਿ ਜਦੋਂ ਚੋਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਏਸੀ ਸਰਵਿਸ ਕਰਨ ਵਾਲਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸ਼ੱਕ ਹੋਣ ਤੇ ਸਰਵਿਸ ਬਹਾਨੇ ਦੁਬਾਰਾ ਬੁਲਾਇਆ
ਘਟਨਾ ਤੋਂ ਬਾਅਦ ਜਦੋਂ ਸ਼ੱਕ ਹੋਇਆ ਤਾਂ ਦੋਵੇਂ ਵਿਅਕਤੀਆਂ ਨੂੰ ਏਸੀ ਦੀ ਸਰਵਿਸ ਕਰਵਾਉਣ ਦੇ ਬਹਾਨੇ ਦੁਬਾਰਾ ਬੁਲਾਇਆ ਗਿਆ। ਜਦੋਂ ਦੋਵੇਂ ਨੌਜਵਾਨ ਏਸੀ ਦੀ ਸਰਵਿਸ ਕਰਨ ਦੁਬਾਰਾ ਪਹੁੰਚੇ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਦੋਵਾਂ ਚੋਰਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਘੜੀ ਅਤੇ ਸੋਨੇ ਦੀ ਚੇਨ ਉਨ੍ਹਾਂ ਨੇ ਹੀ ਚੋਰੀ ਕੀਤੀ ਹੈ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਬਰਨਾਲਾ ਦੇ ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਧਨੌਲਾ ਪੁਲਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਫਿਲਹਾਲ ਪੁਲਸ ਨੇ ਦੋਵਾਂ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।