ਦਿੱਲੀ ਚੋਣਾਂ ਵਿਚ ਹਾਰ ਤੋਂ ਬਾਅਦ AAP ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਜਿੱਤ ਉਤੇ ਵਧਾਈ ਦਿੱਤੀ ਹੈ।
ਐਕਸ ਉਤੇ ਵੀਡੀਓ ਸਾਂਝੀ ਕਰ ਕੇ ਦਿੱਤੀ ਵਧਾਈ
ਇਸ ਸਬੰਧੀ ਕੇਜਰੀਵਾਲ ਨੇ ਐਕਸ ਉਤੇ ਟਵੀਟ ਕਰਦੇ ਹੋਏ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਬਹੁਤ ਨਿਮਰਤਾ ਨਾਲ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਮੈਂ ਭਾਜਪਾ ਨੂੰ ਇਸ ਜਿੱਤ ਲਈ ਵਧਾਈ ਦਿੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਉਹ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨਗੇ, ਜਿਨ੍ਹਾਂ ਲਈ ਲੋਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਹੈ। ਅਸੀਂ ਪਿਛਲੇ 10 ਸਾਲਾਂ ਵਿਚ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਦੇ ਖੇਤਰ ਵਿਚ ਬਹੁਤ ਕੰਮ ਕੀਤਾ ਹੈ। ਅਸੀਂ ਨਾ ਸਿਰਫ਼ ਇਕ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ ਬਲਕਿ ਲੋਕਾਂ ਵਿਚ ਵੀ ਰਹਾਂਗੇ ਅਤੇ ਉਨ੍ਹਾਂ ਦੀ ਸੇਵਾ ਕਰਦੇ ਰਹਾਂਗੇ।
ਮਨੀਸ਼ ਸਿਸੋਦੀਆ ਵੀ ਹਾਰੇ
ਦਿੱਲੀ ਚੋਣਾਂ ਦੇ ਨਤੀਜੇ ਸਾਫ ਹੋਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਜੰਗਪੁਰਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਹਾਰ ਗਏ ਹਨ। ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਨੇ 600 ਵੋਟਾਂ ਨਾਲ ਇਹ ਸੀਟ ਜਿੱਤੀ।
ਦਿੱਲੀ ਚੋਣਾਂ ਵਿਚ ਜਿਥੇ ਮਨੀਸ਼ ਸਿਸੋਦੀਆ ਹਾਰ ਗਏ ਹਨ, ਉਥੇ ਹੀ ਹੁਣ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਹਨ। ਅਰਵਿੰਦ ਕੇਜਰੀਵਾਲ ਇਸ ਚੋਣ ਵਿੱਚ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਤੋਂ ਕੁੱਲ 3182 ਵੋਟਾਂ ਨਾਲ ਹਾਰੇ ਹਨ।