ਬਠਿੰਡਾ 'ਚ ਸਕੂਲ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਲੱਖਾ ਸਿਧਾਣਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਰਾਮਪੁਰਾ ਫੂਲ ਪੁਲਸ ਨੇ ਲੱਖਾ ਸਿਧਾਣਾ ਨੂੰ ਖਿੱਚ ਕੇ ਬੱਸ ਵਿੱਚ ਬਿਠਾ ਦਿੱਤਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਰਾਮਪੁਰਾ ਦੇ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ 'ਚ ਬੱਚਿਆਂ ਨੂੰ ਪੰਜਾਬੀ ਬੋਲਣ ਅਤੇ ਕੜਾ ਪਹਿਨਣ 'ਤੇ ਪਾਬੰਦੀ ਦਾ ਲੱਖਾ ਸਿਧਾਣਾ ਵਲੋਂ ਦੋਸ਼ ਲਾਇਆ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਬੱਚਿਆਂ ਅਤੇ ਮਾਪਿਆਂ ਵਿੱਚ ਰੋਸ ਹੈ।
ਦੋਸ਼ ਹੈ ਕਿ ਨਵੇਂ ਪ੍ਰਿੰਸੀਪਲ ਦੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਸਬੰਧੀ ਸਕੂਲ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਲੱਖਾ ਸਿਧਾਣਾ ਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪੰਜਾਬੀ ਬੋਲਣ 'ਤੇ ਸਕੂਲ ਚ ਲਾਇਆ ਜਾਂਦਾ ਸੀ ਜੁਰਮਾਨਾ
ਸਕੂਲ 'ਤੇ ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨਾ ਕਰਨ ਦਾ ਦੋਸ਼ ਹੈ। ਕੜਾ ਪਹਿਨਣ ਦੀ ਵੀ ਮਨਾਹੀ ਹੈ, ਬੱਚਿਆਂ ਨੂੰ ਰਾਤ ਦੀਆਂ ਕਲਾਸਾਂ ਵਿੱਚ ਜਾਣ ਲਈ ਕਿਹਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੀ ਪੱਗ ਵੀ ਲਹਾ ਦਿੱਤੀ ਜਾਂਦੀ ਸੀ। ਜਿਸ ਕਾਰਨ ਅੱਜ ਬੱਚਿਆਂ ਦੇ ਪਰਿਵਾਰਾਂ ਨੇ ਸਕੂਲ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ। ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਸਕੂਲ ਦੇ ਪ੍ਰਿੰਸੀਪਲ ਦੇ ਦਫਤਰ ਪਹੁੰਚਿਆ, ਜਿੱਥੇ ਉਸ ਨੇ ਪ੍ਰਿੰਸੀਪਲ ਨੂੰ ਕਿਤਾਬ ਦਿੱਤੀ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਵੀਡੀਓ ਵਿਚ ਲੱਖਾ ਸਕੂਲ ਦੇ ਪ੍ਰਿੰਸੀਪਲ ਨੂੰ ਕਿਹ ਰਿਹਾ ਕਿ ਤੁਸੀਂ ਪੰਜਾਬੀ ਪੜ੍ਹ ਕੇ ਦਿਖਾਓ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਸਕੂਲ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਨੀ ਨਹੀਂ ਆਈ, ਜਿਸ ਤੋਂ ਬਾਅਦ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।