13 ਫਰਵਰੀ ਤੋਂ ਸ਼ੁਰੂ ਹੋਇਆ ਕਿਸਾਨਾਂ ਮਜਦੂਰਾਂ ਦਾ ਅੰਦੋਲਨ ਲਗਾਤਾਰ ਹਰਿਆਣਾ ਪੰਜਾਬ ਦੇ ਬਾਡਰਾਂ 'ਤੇ ਜਾਰੀ ਹੈ। ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਅੰਦਰ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਜਥੇਬੰਦੀ ਦੁਆਰਾ ਘੜੀ ਰੂਪਰੇਖਾ ਤਹਿਤ 20 ਮਾਰਚ ਨੂੰ ਸ਼ੰਭੂ ਬਾਰਡਰ ਮੋਰਚੇ 'ਤੇ ਜਾਣ ਵਾਲੇ ਜਥਿਆਂ ਦੀ ਤਿਆਰੀ ਲਈ 20 ਜ਼ੋਨਾ ਦੀਆਂ 5 ਜਗ੍ਹਾ ਕਨਵੈਨਸ਼ਨਾਂ ਕਰਕੇ ਤਿਆਰੀ ਕੀਤੀ ਗਈ।
23 ਮਾਰਚ ਨੂੰ ਅੰਦੋਲਨ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦਾ ਮਨਾਇਆ ਜਾਵੇਗਾ ਸ਼ਹੀਦੀ ਦਿਵਸ
ਇਸ ਮੌਕੇ ਬੋਲਦੇ ਆਗੂਆਂ ਨੇ ਕਿਹਾ ਜਿਸ ਤਰ੍ਹਾਂ ਸਰਕਾਰ ਵੱਲੋਂ ਜ਼ੋ ਵਿਹਾਰ ਕੀਤਾ ਜਾ ਰਿਹਾ ਹੈ ਉਸਤੋਂ ਸਾਫ ਹੁੰਦਾ ਹੈ ਕਿ ਇਹ ਅੰਦੋਲਨ ਲੰਬਾ ਚਲੇਗਾ ਅਤੇ ਦੇਸ਼ ਪੱਧਰੀ ਅਸਰ ਦਿਖੇਗਾ। ਇਸ ਲਈ ਜਥੇਬੰਦੀਆਂ ਵੱਲੋਂ ਹਰ ਪਿੰਡ ਪੱਧਰ ਤੋਂ ਹਰੇਕ ਕਿਸਾਨ ਮਜਦੂਰ ਦੀ ਸ਼ਮੂਲੀਅਤ ਦੇ ਪ੍ਰੋਗਰਾਮ ਬਣਾਏ ਗਏ ਹਨ । ਉਹਨਾਂ ਕਿਹਾ ਕਿ 23 ਮਾਰਚ ਨੂੰ ਅੰਦੋਲਨ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ ਤੇ ਇਸ ਦਿਨ 'ਤੇ ਵੱਡੀ ਗਿਣਤੀ ਵਿਚ ਮੋਰਚਿਆਂ ਵਲੋਂ ਹਾਜ਼ਰੀ ਭਰੀ ਜਾਵੇ।
ਚੋਣਾਂ ਦੌਰਾਨ ਉਹ ਲੀਡਰਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ
ਅੱਗੇ ਉਹਨਾਂ ਕਿਹਾ ਕਿ ਅੱਜ ਦੇ ਇੱਕਠ ਸਾਬਿਤ ਕਰਦੇ ਹਨ ਕਿ ਇਸ ਅੰਦੋਲਨ ਨੇ ਲੋਕਾਂ ਵਿੱਚ ਕਿਸ ਰੂਪ ਵਿੱਚ ਜਾਗ੍ਰਿਤੀ ਪੈਦਾ ਕੀਤੀ ਹੈ ਜਿਸਦੇ ਸਿੱਟੇ ਵਜੋਂ ਇਸ ਵਾਰ ਚੋਣਾਂ ਦੌਰਾਨ ਉਹ ਲੀਡਰਾਂ ਦੀਆਂ ਲੋਕ ਲੁਭਾਵਣੀਆਂ ਗੱਲਾਂ, ਧਾਰਮਿਕ ਫਿਰਕਾਪ੍ਰਸਤੀ ਅਤੇ ਅਖੌਤੀ ਵਿਕਾਸ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੇਸ਼ ਦੇ ਕਿਸਾਨ, ਮਜਦੂਰ, ਲਘੂ ਉਦਯੋਗ ਅਤੇ ਮੁਲਾਜ਼ਮਾਂ ਸਮੇਤ ਸਭ ਵਰਗਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਮਸਲਿਆਂ ਦੇ ਹੱਲ ਕਰਵਾਉਣ ਲਈ ਸਵਾਲ ਕਰਨਗੇ।
ਪੂਰੇ ਦੇਸ਼ 'ਚ ਅੰਦੋਲਨ ਰਫ਼ਤਾਰ ਫੜ ਰਿਹਾ ਹੈ
ਉਹਨਾਂ ਕਿਹਾ ਕਿ ਸ਼ਹੀਦ ਸ਼ੁੱਭਕਰਨ ਸਿੰਘ ਦੇ ਮਸਲੇ 'ਤੇ ਕੀਤੇ ਗਏ ਪਰਚੇ 'ਤੇ ਕਾਰਵਾਈ ਕਿੰਨੀ ਅੱਗੇ ਵਧੀ ਹੈ ਪੰਜਾਬ ਸਰਕਾਰ ਇਸ 'ਤੇ ਸਥਿਤੀ ਸਪਸਟ ਕਰੇ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਬੁਲੰਦੀਆਂ ਛੂਹਵੇ ਇਸਦੀ ਤਿਆਰੀ ਕਰ ਲਈ ਗਈ ਹੈ ਅਤੇ ਭਾਰਤ ਦੀਆਂ 9 ਸਟੇਟਾਂ ਵਿੱਚ ਅੰਦੋਲਨ ਪੂਰੇ ਰੰਗ ਵਿੱਚ ਹੈ ਜਿਸ ਨਾਲ ਪੂਰੇ ਦੇਸ਼ ਵਿੱਚ ਅੰਦੋਲਨ ਰਫ਼ਤਾਰ ਫੜ ਰਿਹਾ ਹੈ ਜਲਦ ਵੱਖ ਵੱਖ ਸੂਬਿਆਂ ਵਿੱਚ ਵੱਡੀਆਂ ਮਹਾਂਪੰਚਾਇਤਾਂ ਦੀ ਤਿਆਰੀ ਕੀਤੀ ਜਾ ਰਹੀ ਹੈ।