ਖਬਰਿਸਤਾਨ ਨੈੱਟਵਰਕ, ਦਿੱਲੀ: 'ਆਪ' ਸੰਸਦ ਸੰਜੇ ਸਿੰਘ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਸਵੇਰੇ ਹੀ ਈਡੀ ਦੀ ਟੀਮ ਨੇ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਤੇ ਛਾਪਾ ਮਾਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਕੀਤੀ ਗਈ ਹੈ।
ਮਈ ਵਿੱਚ ਵੀ ਹੋਈ ਸੀ ਛਾਪੇਮਾਰੀ
ਇਹ ਜਾਣਕਾਰੀ ਖੁਦ ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 24 ਮਈ ਨੂੰ ਈਡੀ ਦੀ ਟੀਮ ਸੰਜੇ ਸਿੰਘ ਦੇ ਘਰ ਪਹੁੰਚੀ ਸੀ। ਉਸ ਸਮੇਂ ਈਡੀ ਨੇ ਸੰਜੇ ਸਿੰਘ ਦੇ ਸਾਥੀਆਂ ਦੇ ਟਿਕਾਣੇ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਸਿੰਘ ਦੇ ਘਰ 'ਤੇ ਇਹ ਛਾਪੇਮਾਰੀ ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਦੋ ਦਿਨ ਬਾਅਦ ਈਡੀ ਨੇ ਸੰਜੇ ਸਿੰਘ ਦੇ ਘਰ ਇਹ ਛਾਪੇਮਾਰੀ ਕੀਤੀ ਹੈ।
ਰਿਪੋਰਟ ਮੁਤਾਬਕ ਈਡੀ ਦੀ ਟੀਮ ਇਸ ਮਾਮਲੇ 'ਚ ਸ਼ਾਮਲ ਕੁਝ ਹੋਰ ਲੋਕਾਂ ਦੇ ਠਿਕਾਣਿਆਂ 'ਤੇ ਵੀ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਈਡੀ ਨੇ ਸੰਜੇ ਸਿੰਘ ਦੇ ਸਟਾਫ਼ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ।
ਇਹ ਦੋਸ਼ ਸੰਜੇ ਸਿੰਘ 'ਤੇ ਲੱਗੇ ਹਨ
ਈਡੀ ਦੀ ਚਾਰਜਸ਼ੀਟ ਛਾਪੇਮਾਰੀ ਮੁਤਾਬਕ ਸੰਜੇ ਸਿੰਘ 'ਤੇ 82 ਲੱਖ ਰੁਪਏ ਦਾ ਚੰਦਾ ਲੈਣ ਦਾ ਦੋਸ਼ ਹੈ। ਇਸ ਸਬੰਧੀ ਈਡੀ ਬੁੱਧਵਾਰ ਨੂੰ ਉਸ ਦੇ ਘਰ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ ਉਸ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੈ।