ਕਿਸਾਨ ਜਥੇਬੰਦੀਆਂ ਨੇ ਫਿਲਹਾਲ ਦਿੱਲੀ ਕੂਚ ਟਾਲ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਤੇ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਤੱਕ ਅੰਦੋਲਨ ਜਾਰੀ ਰਹੇਗਾ। ਦੱਸ ਦਈਏ ਕਿ ਕਿਸਾਨ ਲੀਡਰਾਂ ਨੇ ਖਨੌਰੀ ਬਾਰਡਰ 'ਤੇ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਕਿਸਾਨ ਸ਼ੁਭਕਰਨ ਦੇ ਅੰਤਿਮ ਸੰਸਕਾਰ ਮਗਰੋਂ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਐਲਾਨ ਕਰਨਾ ਸੀ। ਵੀਰਾਵਰ ਨੂੰ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
3 ਮਾਰਚ ਨੂੰ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ ਕੀਤੀ ਜਾਵੇਗੀ ਅਰਦਾਸ
ਅੰਤਿਮ ਸੰਸਕਾਰ 'ਚ ਪਹੁੰਚੇ ਕਿਸਾਨ ਆਗੂ ਸਰਵਨ ਪੰਧੇਰ ਤੇ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ 3 ਮਾਰਚ ਨੂੰ ਅਰਦਾਸ ਕੀਤੀ ਜਾਵੇਗੀ। ਦਿੱਲੀ ਮਾਰਚ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਗੱਲ ਕਰਨ ਦਾ ਠੀਕ ਸਮਾਂ ਨਹੀਂ। ਡੱਲੇਵਾਲ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ 3 ਮਾਰਚ ਨੂੰ ਸ਼ੁਭਕਰਨ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਜਗਜੀਤ ਸਿੰਘ ਡੱਲੇਵਾਲ ਨੇ ਕਹੀ ਇਹ ਗੱਲ
ਉਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੇਸ਼ ਦੇ ਲੋਕ ਕਹਿੰਦੇ ਸਨ ਕਿ ਪੰਜਾਬ ਦੇ ਕਿਸਾਨਾਂ ਨੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਅੰਦੋਲਨ ਖਤਮ ਕਰ ਦਿੱਤਾ ਹੈ ਪਰ ਅੱਜ ਅਸੀਂ ਫਿਰ ਉਹੀ ਅੰਦੋਲਨ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਸਬਕ ਸਿਖਾਵਾਂਗੇ। ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਨੂੰ ਅਗਵਾ ਕਰਕੇ ਲੈ ਗਏ। ਉਸ ਦੀਆਂ ਲੱਤਾਂ ਤੇ ਬਾਹਾਂ ਤੋੜ ਦਿੱਤੀਆਂ ਗਈਆਂ। ਸਿਰ ਪਾੜ ਦਿੱਤਾ ਗਿਆ ਸੀ। ਬੋਰੀ ਵਿੱਚ ਪਾ ਕੇ ਕੁੱਟਿਆ। ਉਨ੍ਹਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕਰਦਾ ਹਾਂ। ਪੰਜਾਬ ਸਰਕਾਰ ਨੂੰ ਵੀ ਅਗਵਾ ਦਾ ਕੇਸ ਦਰਜ ਕਰਨਾ ਚਾਹੀਦਾ ਹੈ।