ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਠੰਡ ਵਧਣੀ ਸ਼ੁਰੂ ਹੋ ਗਈ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਸਵੇਰੇ ਅਤੇ ਰਾਤ ਨੂੰ ਠੰਡ ਜ਼ਿਆਦਾ ਮਹਿਸੂਸ ਹੋਣ ਲੱਗੀ ਹੈ। ਪੰਜਾਬ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਸਵੇਰੇ-ਸ਼ਾਮ ਠੰਡ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ। ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ।
ਆਦਮਪੁਰ ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਸਭ ਤੋਂ ਠੰਡਾ
ਪੰਜਾਬ-ਚੰਡੀਗੜ੍ਹ 'ਚ ਪਿਛਲੇ ਤਿੰਨ ਦਿਨਾਂ 'ਚ ਤਾਪਮਾਨ 'ਚ ਕਰੀਬ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦਾ ਆਦਮਪੁਰ ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ।
ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ
ਪਹਾੜਾਂ 'ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਲਗਾਤਾਰ ਵਧ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 8 ਦਸੰਬਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਨਾਲ ਅਗਲੇ ਦੋ ਦਿਨਾਂ ਤੱਕ ਹਿਮਾਲੀਆ ਦੀਆਂ ਪਹਾੜੀਆਂ ਅਤੇ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
7 ਜ਼ਿਲ੍ਹਿਆਂ ਵਿੱਚ ਧੁੰਦ ਦਾ ਯੈਲੋ ਅਲਰਟ
ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇੱਥੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਵ ਇੱਥੇ ਵਿਜ਼ੀਬਿਲਟੀ 50 ਮੀਟਰ ਤੱਕ ਪਹੁੰਚ ਸਕਦੀ ਹੈ। ਅੱਜ ਤੋਂ ਇਲਾਵਾ ਐਤਵਾਰ ਤੱਕ ਪੰਜਾਬ ਵਿੱਚ ਧੁੰਦ ਛਾਈ ਰਹੇਗੀ।