ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਜਿਸ ਤੋਂ ਬਾਅਦ ਸ਼ਾਮ ਨੂੰ ਹੀ ਗਿਣਤੀ ਹੋਵੇਗੀ। ਇਸ ਵਾਰ ਚੋਣਾਂ ਬਿਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਕਰਵਾਈਆਂ ਜਾ ਰਹੀਆਂ ਹਨ। ਚੋਣਾਂ ਈਵੀਐਮ ਮਸ਼ੀਨਾਂ ਰਾਹੀਂ ਨਹੀਂ, ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਜ ਵਿੱਚ ਕੁੱਲ 13,937 ਪੰਚਾਇਤਾਂ ਹਨ, ਜਿਨ੍ਹਾਂ ਵਿੱਚ 1.33 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 275 ਤੋਂ ਵੱਧ ਗ੍ਰਾਮ ਪੰਚਾਇਤਾਂ 'ਤੇ ਲਗਾਈ ਪਾਬੰਦੀ ਹਟਾ ਦਿੱਤੀ ਸੀ।
ਜਗਰਾਉਂ ਦੇ ਪਿੰਡ ਡੱਲੀ ਦੀਆਂ ਪੰਚਾਇਤੀ ਚੋਣਾਂ ਰੱਦ
ਜਗਰਾਉਂ ਦੇ ਪਿੰਡ ਡੱਲੀ ਦੀਆਂ ਪੰਚਾਇਤੀ ਚੋਣਾਂ ਰੱਦ ਹੋ ਗਈਆਂ ਹਨ। ਇਹ ਹੁਕਮ ਲੁਧਿਆਣਾ ਦੇ ਡੀਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹਨ। ਦੱਸ ਦੇਈਏ ਕਿ ਸਰਪੰਚੀ ਦੇ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ, ਜਿਨ੍ਹਾਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ।
ਬੈਲਟ 'ਤੇ ਛਪੇ 2 ਸਰਪੰਚ ਉਮੀਦਵਾਰਾਂ ਦੇ ਚੋਣ ਨਿਸ਼ਾਨ
ਲੁਧਿਆਣਾ ਦੇ ਪਿੰਡ ਭਾਮੀਆਂ ਖੁਰਦ ਵਿੱਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪ੍ਰਸ਼ਾਸਨ ਨੇ ਦੋ ਸਰਪੰਚੀ ਉਮੀਦਵਾਰਾਂ ਦੇ ਚੋਣ ਨਿਸ਼ਾਨ ਬੈਲਟ ਪੇਪਰਾਂ ’ਤੇ ਛਾਪ ਦਿੱਤੇ ਹਨ। ਯਾਨੀ ਦੋਵਾਂ ਦੇ ਚੋਣ ਨਿਸ਼ਾਨ ਇਕ-ਦੂਜੇ ਦੇ ਨਾਂ ਨਾਲ ਛਪੇ ਹਨ।
ਪਿੰਡ ਭਗੂਪੁਰ ਬੇਟ ਵਿੱਚ ਵੋਟਾਂ ਦਾ ਕੰਮ ਰੋਕਿਆ
ਬਲਾਕ ਚੋਗਾਵਾਂ ਅਧੀਨ ਪੈਂਦੇ ਪਿੰਡ ਭਗੂਪੁਰ ਬੇਟ ਵਿੱਚ ਪਿੰਡ ਵਾਸੀਆਂ ਨੇ ਰਿਟਰਨਿੰਗ ਅਫਸਰ ਦੇ ਸਬੰਧ ਵਿੱਚ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਿਟਰਨਿੰਗ ਅਫਸਰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ।