ਅਮਰੀਕਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ ਅਤੇ ਉਹ ਅਜਨਾਲਾ ਦੇ ਪਿੰਡ ਇਬਰਾਹੀਮਪੁਰ ਦਾ ਰਹਿਣ ਵਾਲਾ ਸੀ। ਜੁਗਰਾਜ ਸਿੰਘ ਦੇ 4 ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ 2 ਭੈਣਾਂ ਵੱਡੀਆਂ ਹਨ, ਜੋ ਵਿਆਹੀਆਂ ਹੋਈਆਂ ਹਨ ਅਤੇ ਜੁਗਰਾਜ ਸਿੰਘ ਸਾਰੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ।
ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕਰੀਬ ਇਕ ਸਾਲ ਪਹਿਲਾਂ 43 ਲੱਖ ਰੁਪਏ ਖਰਚ ਕੇ ਇਕ ਏਜੰਟ ਰਾਹੀਂ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ। ਜੁਗਰਾਜ ਸਿੰਘ ਨੂੰ ਬੀਤੇ ਦਿਨ ਹੀ ਆਪਣੇ ਡਰਾਈਵਿੰਗ ਲਾਇਸੈਂਸ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਇਸ ਤੋਂ ਬਾਅਦ ਉੱਥੇ ਰਹਿੰਦੇ ਇੱਕ ਦੋਸਤ ਨੇ ਪਰਿਵਾਰ ਨੂੰ ਸੂਚਨਾ ਦਿੱਤੀ। ਨੌਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ।