ਹਰਿਆਣਾ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 20 ਦਿਨਾਂ ਦੀ ਪੈਰੋਲ ਦੀ ਮੰਗ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 13 ਅਗਸਤ ਨੂੰ 21 ਦਿਨਾਂ ਦੀ ਛੁੱਟੀ 'ਤੇ ਰਿਹਾਅ ਕੀਤਾ ਗਿਆ ਸੀ। ਫਿਲਹਾਲ 2 ਸਤੰਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਹੇ ਹਨ ।
ਡੇਰੇ ਦੇ ਬੁਲਾਰੇ ਨੇ ਕਿਹਾ ਕਿ ਰਾਮ ਰਹੀਮ ਇੱਕ ਕੈਲੰਡਰ ਸਾਲ 'ਚ 91 ਦਿਨਾਂ ਲਈ ਆਰਜ਼ੀ ਰਿਹਾਈ ਦੇ ਹੱਕਦਾਰ ਹਨ । ਉਨ੍ਹਾਂ ਨੇ ਪਹਿਲਾਂ 50 ਦਿਨਾਂ ਦੀ ਪੈਰੋਲ ਤੇ 21 ਦਿਨਾਂ ਲਈ ਫਰਲੋ ਲਈ ਹੈ। ਇਸ ਲਈ ਹੁਣ ਉਨ੍ਹਾਂ ਨੂੰ 20 ਦਿਨਾਂ ਲਈ ਪੈਰੋਲ ਲੈਣ ਦਾ ਅਧਿਕਾਰ ਹੈ ਕਿਉਂਕਿ ਸਾਲ ਖਤਮ ਹੋਣ ਵਾਲਾ ਹੈ ਅਤੇ ਜੇਕਰ ਉਹ ਨਹੀਂ ਲੈਂਦੇ ਤਾਂ ਇਹ ਸਮਾਂ ਖਤਮ ਹੋ ਜਾਵੇਗਾ।
20 ਸਾਲ ਦੀ ਸਜ਼ਾ 'ਚ 10 ਵਾਰ ਆ ਚੁੱਕੇ ਬਾਹਰ
ਦੱਸ ਦਈਏ ਕਿ 2017 'ਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਮੁਖੀ 10 ਵਾਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ । ਇਸ ਸਮੇਂ ਦੌਰਾਨ ਉਹ 255 ਦਿਨ ਯਾਨੀ ਅੱਠ ਮਹੀਨੇ ਤੋਂ ਵੱਧ ਜੇਲ੍ਹ ਤੋਂ ਬਾਹਰ ਰਹਿ ਚੁੱਕੇ ਹਨ । ਉਨ੍ਹਾਂ ਦੀਆਂ ਕਈ ਪੈਰੋਲ ਤੇ ਛੁੱਟੀਆਂ ਦਾ ਸਮਾਂ ਹਰਿਆਣਾ ਅਤੇ ਗੁਆਂਢੀ ਰਾਜਾਂ ਦੀਆਂ ਚੋਣਾਂ ਨਾਲ ਮੇਲ ਖਾਂਦਾ ਹੈ।
ਰਾਮ ਰਹੀਮ ਨੂੰ ਕਿੰਨੀ ਵਾਰ ਮਿਲੀ ਪੈਰੋਲ ਜਾਂ ਫਰਲੋ ?
-24 ਅਕਤੂਬਰ 2020: ਰਾਮ ਰਹੀਮ ਨੂੰ ਪਹਿਲੀ ਵਾਰ ਹਸਪਤਾਲ 'ਚ ਭਰਤੀ ਆਪਣੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਮਿਲੀ।
-21 ਮਈ 2021: ਮਾਂ ਨੂੰ ਮਿਲਣ ਲਈ ਦੂਜੀ ਵਾਰ 12 ਘੰਟੇ ਲਈ ਪੈਰੋਲ ਦਿੱਤੀ ਗਈ।
-7 ਫਰਵਰੀ 2022: ਡੇਰਾ ਮੁਖੀ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਛੁੱਟੀ ਮਿਲੀ।
-ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ। ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ ਗਿਆ ।
-14 ਅਕਤੂਬਰ 2022: ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਉਹ ਬਾਗਪਤ ਆਸ਼ਰਮ ਵਿੱਚ ਰਹੇ ਤੇ ਇਸ ਦੌਰਾਨ ਸੰਗੀਤ ਦੇ ਵੀਡੀਓ ਵੀ ਜਾਰੀ ਕੀਤੇ।
-21 ਜਨਵਰੀ 2023: ਛੇਵੀਂ ਵਾਰ 40 ਦਿਨਾਂ ਲਈ ਪੈਰੋਲ ਮਿਲੀ। ਉਹ ਜੇਲ੍ਹ ਤੋਂ ਬਾਹਰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਵਿੱਚ ਸ਼ਾਮਲ ਹੋਣ ਲਈ ਬਾਹਰ ਆਇਆ ਸੀ।
-20 ਜੁਲਾਈ, 2023: ਸੱਤਵੀਂ ਵਾਰ 30 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ।
-21 ਨਵੰਬਰ 2023: ਰਾਮ ਰਹੀਮ 21 ਦਿਨਾਂ ਦੀ ਛੁੱਟੀ ਲੈ ਕੇ ਬਾਗਪਤ ਆਸ਼ਰਮ ਗਿਆ।
-19 ਜਨਵਰੀ 2024: 50 ਦਿਨਾਂ ਲਈ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ। ਇਹ ਉਹ ਸਮਾਂ ਸੀ ਜਦੋਂ ਲੋਕ ਸਭਾ ਚੋਣਾਂ ਨੇੜੇ ਸਨ।
-13 ਅਗਸਤ 2024: ਹਾਈ ਕੋਰਟ ਨੇ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ। ਹੁਣ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਅਤੇ ਯੂਪੀ ਵਿੱਚ ਉਪ ਚੋਣਾਂ ਨੇੜੇ ਹਨ।