ਪਾਕਿਸਤਾਨ ਚ ਨਵੀਂ ਬਣੀ ਮਰੀਅਮ ਨਵਾਜ਼ ਸਰਕਾਰ ਵਿਚ ਪਾਕਿਸਤਾਨ ਪੰਜਾਬ (ਲਹਿੰਦੇ ਪੰਜਾਬ) ’ਚ ਪਹਿਲੀ ਵਾਰ ਸਿੱਖ ਨੂੰ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਦਾ ਨਾਂ ਰਮੇਸ਼ ਸਿੰਘ ਅਰੋੜਾ ਹੈ। ਦੱਸ ਦੇਈਏ ਕਿ ਤੀਜੀ ਵਾਰ ਅਸੈਂਬਲੀ ਮੈਂਬਰ ਚੁਣੇ ਗਏ ਰਮੇਸ਼ ਸਿੰਘ ਅਰੋੜਾ ਨੇ ਵੀਰਵਾਰ ਨੂੰ ਮੰਤਰੀ ਅਹੁਦੇ ਲਈ ਸਹੁੰ ਚੁੱਕੀ।
ਜ਼ਿਕਰਯੋਗ ਹੈ ਕਿ ਦੇਸ਼ ਵੰਡ ਪਿੱਛੋਂ ਪਾਕਿਸਤਾਨ ’ਚ ਪਹਿਲੀ ਵਾਰ ਇਕ ਸਿੱਖ ਨੂੰ ਪੰਜਾਬ ਸੂਬੇ ਦੇ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ’ਚ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਦ ਦੀ ਕੈਬਨਿਟ ’ਚ ਅਰੋੜਾ ਨੂੰ ਘੱਟਗਿਣਤੀ ਵਿਭਾਗ ਅਲਾਟ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ -ਨਵਾਜ਼ (ਪੀਐੱਲਐੱਮ-ਐੱਨ) ਨਾਲ ਸਬੰਧਿਤ ਅਰੋੜਾ ਅੱਠ ਫਰਵਰੀ ਨੂੰ ਹੋਈ ਚੋਣ ’ਚ ਤੀਜੀ ਵਾਰ ਸੂਬਾਈ ਅਸੈਂਬਲੀ ਲਈ ਚੁਣੇ ਗਏ ਹਨ।
ਨਾਰੋਵਾਲ ਜ਼ਿਲ੍ਹੇ ਨਾਲ ਰੱਖਦੇ ਹਨ ਸੰਬੰਧ
ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ ਤੇ 2013 ’ਚ ਸੂਬਾਈ ਅਸੈਂਬਲੀ ਦੇ ਪਹਿਲੇ ਸਿੱਖ ਮੈਂਬਰ ਚੁਣੇ ਗਏ ਸਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਪੰਜਾਬ ਦੇ ਈਸਾਈ ਘੱਟਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਖ਼ਲੀਲ ਤਾਹਿਰ ਸਿੰਘੂ ਵੀ ਪੰਜਾਬ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਗਏ ਹਨ। ਖਲੀਲ ਨੂੰ ਮਨੁੱਖੀ ਅਧਿਕਾਰ ਵਿਭਾਗ ਦਿੱਤਾ ਗਿਆ ਹੈ।
ਰਮੇਸ਼ ਸਿੰਘ ਅਰੋੜਾ ਨੂੰ ਪਿਛਲੇ ਸਾਲ ਕਰਤਾਰਪੁਰ ਲਾਂਘੇ ਲਈ ਅੰਬੈਸਡਰ ਦੇ ਰੂਪ ’ਚ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਮੁੜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਚੁਣਿਆ ਗਿਆ ਹੈ।
ਨਿਯੁਕਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਕੀਤੀ ਅਰਦਾਸ
ਪਾਕਿਸਤਾਨ ਲਹਿੰਦ ਪੰਜਾਬ ਲਈ ਰਮੇਸ਼ ਸਿੰਘ ਅਰੋੜਾ ਨੇ ਪਹਿਲੇ ਸਿੱਖ ਮੰਤਰੀ ਵਜੋਂ ਨਿਯੁਕਤ ਹੋਣ ਉਤੇ ਇੱਕ ਦਿਨ ਬਾਅਦ ਅੱਜ ਲਾਹੌਰ ਦੇ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਵਿਖੇ ਅਰਦਾਸ ਕੀਤੀ।
ਕੌਣ ਹਨ ਰਮੇਸ਼ ਅਰੋੜਾ
11 ਅਕਤੂਬਰ 1974 ਵਿਚ ਨਨਕਾਣਾ ਸਾਹਿਬ ਵਿਖੇ ਜਨਮੇ ਤੇ ਨਾਰੋਵਾਲ ਜ਼ਿਲੇ ਦੇ ਰਹਿਣ ਵਾਲੇ ਰਮੇਸ਼ ਸਿੰਘ ਅਰੋੜਾ 2013 ਵਿਚ ਸਹੁੰ ਚੁੱਕਣ ਵਾਲੇ ਸੂਬਾਈ ਅਸੈਂਬਲੀ ਦੇ ਪਹਿਲੇ ਸਿੱਖ ਸਨ। ਉਨਾਂ ਨੇ ਸੋਸ਼ਲ ਐਂਟਰਪ੍ਰਾਈਜ਼ ਵਿਚ ਪੋਸਟ ਗ੍ਰੈਜੂਏਸ਼ਨ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਲਹੌਰ ਸਥਿਤ ਪੰਜਾਬ ਯੂਨੀਵਰਸਿਟੀ ਦੇ ਗਵਰਨਮੈਂਟ ਕਾਲੇਜ ਤੇ ਅਮਰੀਕਾ ਦੇ ਹਾਵਰਡ ਬਿਜਨੈਸ ਸਕੂਲ ਤੋਂ ਆਪਣੀ ਪੜਾਈ ਪੂਰੀ ਕੀਤੀ।