ਪੰਜਾਬ ਵਿੱਚ ਬੀਤੇ ਦਿਨੀਂ ਭਾਰੀ ਮੀਂਹ ਅਤੇ ਗੜੇਮਾਰੀ ਹੋਈ ,ਜਿਸ ਨਾਲ ਫਿਰ ਤੋਂ ਠੰਡ ਮਹਿਸੂਸ ਹੋਣ ਲੱਗੀ ਹੈ। ਇਸ ਦੇ ਨਾਲ ਹੀ, ਮੀਂਹ ਕਾਰਨ ਕਈ ਥਾਵਾਂ 'ਤੇ ਘਟਨਾਵਾਂ ਵਾਪਰੀਆਂ ਹਨ। ਕੱਲ੍ਹ ਜਲੰਧਰ ਦੇ ਪਿੰਡ ਸ਼ੇਰਪੁਰ ਸ਼ੇਖੇ ਵਿੱਚ ਮੀਂਹ ਕਾਰਨ ਦੋ ਸਕੂਲ ਬੱਸਾਂ ਚਿੱਕੜ ਵਿੱਚ ਫਸ ਗਈਆਂ। ਇਸ ਤੋਂ ਬਾਅਦ ਅੱਜ 3 ਤੋਂ 4 ਬੱਚਿਆਂ ਨੂੰ ਲੈ ਕੇ ਜਾ ਰਹੀ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੀ ਬੱਸ ਮੀਂਹ ਤੋਂ ਬਣੀ ਗਾਰ ਵਿੱਚ ਫਸ ਗਈ।
ਟਰੈਕਟਰ ਨਾਲ ਟੋਚਨ ਪਾ ਕੇ ਬੱਸਾਂ ਗਾਰ ਚੋਂ ਕੱਢੀਆਂ
ਇਹ ਬੱਸ ਬੱਚਿਆਂ ਨੂੰ ਨੂਰਪੁਰ ਤੋਂ ਪਿੰਡ ਸ਼ੇਖੇਪੁਰ ਦੇ ਵਿਚੋਂ ਦੀ ਲੈ ਕੇ ਜਾ ਰਹੀ ਸੀ। ਚੰਗੀ ਗੱਲ ਇਹ ਸੀ ਕਿ ਕੋਈ ਹਾਦਸਾ ਨਹੀਂ ਹੋਇਆ। ਪਿੰਡ ਵਾਸੀਆਂ ਦੀ ਮਦਦ ਨਾਲ ਬੱਸ ਨੂੰ ਟਰੈਕਟਰ ਨਾਲ ਬੰਨ੍ਹ ਕੇ ਬਾਹਰ ਕੱਢਿਆ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਚਰਨਦਾਸ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਮੀਂਹ ਕਾਰਨ ਬੱਸਾਂ ਚਿੱਕੜ ਵਿੱਚ ਫਸ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹਰ ਰੋਜ਼ ਇੱਟਾਂ ਅਤੇ ਪਸ਼ੂਆਂ ਦੇ ਚਾਰੇ ਨਾਲ ਭਰੀਆਂ ਕਈ ਟਰਾਲੀਆਂ ਇਸ ਸੜਕ ਤੋਂ ਲੰਘਦੀਆਂ ਹਨ ਪਰ ਮੀਂਹ ਕਾਰਣ ਬਣੀ ਗਾਰ ਕਾਰਣ ਇਹ ਸਮੱਸਿਆ ਆ ਰਹੀ ਹੈ। ਮੀਂਹ ਕਾਰਨ ਮਿੱਟੀ ਧੱਸ ਜਾਂਦੀ ਹੈ। ਇਸ ਦੌਰਾਨ ਸਾਬਕਾ ਸਰਪੰਚ ਜਸਵਿੰਦਰ ਦੇ ਪਿਤਾ ਨੇ ਕਿਹਾ ਕਿ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਅਤੇ ਪੁਲੀ ਦੀ ਉਸਾਰੀ ਕਾਰਨ ਭਾਰੀ ਵਾਹਨ ਇਸ ਰਸਤੇ ਤੋਂ ਲੰਘ ਰਹੇ ਹਨ।