ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨਾਲ 2 ਕਰੋੜ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਸ ਨੇ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਾਂ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਪਾਸ਼ ਰਣਜੀਤ ਐਵੀਨਿਊ ਇਲਾਕੇ ਵਿੱਚ ਐਸਸੀਓ ਦੀ ਰਜਿਸਟ੍ਰੇਸ਼ਨ ਦੇ ਨਾਂ ’ਤੇ ਉਨ੍ਹਾਂ ਕੋਲੋਂ 2 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ ਸੀ. ਜਿਸ ਦੀ ਜਾਂਚ ਆਰਥਿਕ ਅਪਰਾਧ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ।
SCO ਖਰੀਦਣ ਦੇ ਨਾਂ 'ਤੇ ਧੋਖਾਧੜੀ
ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਸਥਿਤ ਐਨਆਰਆਈ ਅੰਗਦ ਪਾਲ ਸਿੰਘ ਨੇ ਆਪਣੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੰਗਦ ਪਾਲ ਸਿੰਘ ਨੇ ਰਣਜੀਤ ਐਵੀਨਿਊ ਸਥਿਤ ਐਸ.ਸੀ.ਓ ਨੰਬਰ 10 ਨੂੰ ਵੇਚਣ ਦੀ ਤਜਵੀਜ਼ ਰੱਖੀ ਸੀ। ਇਸ ਦੇ ਲਈ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ। ਇਸ ਸਮਝੌਤੇ 'ਤੇ ਡਾ: ਸਿੱਧੂ ਦੀ ਤਰਫ਼ੋਂ ਉਨ੍ਹਾਂ ਦੇ ਨੁਮਾਇੰਦੇ ਸੁਸ਼ੀਲ ਰਾਵਤ ਅਤੇ ਅੰਗਦ ਪਾਲ ਸਿੰਘ ਦੀ ਤਰਫ਼ੋਂ ਵਿਸ਼ਾਲ ਕੌਰ ਨੇ ਵੀ ਦਸਤਖ਼ਤ ਕੀਤੇ |
ਨਵਜੋਤ ਕੌਰ ਸਿੱਧੂ ਮੁਤਾਬਕ ਅੰਗਦਪਾਲ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਰਜਿਸਟ੍ਰੇਸ਼ਨ ਜਲਦੀ ਹੋ ਜਾਵੇਗੀ ਪਰ ਜਦੋਂ ਡਾ.ਸਿੱਧੂ ਨੇ ਦਸਤਾਵੇਜ਼ ਦਰਜ ਕਰਵਾਉਣ ਲਈ ਦਬਾਅ ਪਾਇਆ ਤਾਂ ਦੋਸ਼ੀ ਬਹਾਨੇ ਬਣਾਉਣ ਲੱਗੇ। ਸਿੱਧੂ ਦਾ ਇਲਜ਼ਾਮ ਹੈ ਕਿ ਇਸ ਸਬੰਧ ਵਿੱਚ ਅੰਗਦਪਾਲ ਦੇ ਖਾਤੇ ਵਿੱਚ ਡੇਢ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ। ਉਸ ਨੇ ਕਈ ਵਾਰ ਅਦਾਇਗੀ ਲਈ ਚੈੱਕ ਵੀ ਦਿੱਤੇ, ਜੋ ਉਸ ਦੇ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਵਾ ਕੇ ਰਕਮ ਅੰਗਦ ਦੇ ਏਜੰਟ ਨੂੰ ਸੌਂਪ ਦਿੱਤੀ। ਪੁਲਸ ਅਧਿਕਾਰੀ ਇਸ ਮਾਮਲੇ ਵਿੱਚ ਹਾਲੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।