ਜਲੰਧਰ/ ਮਕਸੂਦਾਂ ਨੇੜੇ ਸਥਿਤ ਸੀ ਟੀ ਪਬਲਿਕ ਸਕੂਲ ਵਿੱਚ ਚੱਲ ਰਹੇ ਧਾਰਮਕ ਪ੍ਰੋਗਰਾਮ ਨੂੰ ਐਤਵਾਰ ਸਵੇਰੇ ਜਲੰਧਰ ਦੀਆਂ 7 ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਬੰਦ ਕਰਵਾ ਦਿੱਤਾ। ਇਸ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਪੁਲਸ ਫੋਰਸ ਵੀ ਮੌਕੇ ’ਤੇ ਪੁੱਜ ਗਈ।
ਸਕੂਲ ਅੰਦਰ ਕਰਵਾਇਆ ਜਾ ਰਿਹਾ ਸੀ ਕ੍ਰਿਸਮਿਸ ਸਬੰਧੀ ਪ੍ਰੋਗਰਾਮ
ਸਿੱਖ ਜੱਥੇਬੰਦੀਆਂ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਸਕੂਲ ਦੇ ਅੰਦਰ ਕ੍ਰਿਸਮਿਸ ਦਾ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਕਾਰਨ ਸਿੱਖ ਸਮਾਜ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਜਲੰਧਰ ਸ਼ਹਿਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਕੂਲ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਜਦੋਂਕਿ ਸਕੂਲ ਦੇ ਪ੍ਰਬੰਧਕ ਖੁਦ ਸਿੱਖ ਪਰਿਵਾਰ ਵਿੱਚੋਂ ਹਨ।
ਸਾਡਾ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਨਹੀਂ
ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਨਹੀਂ ਹੈ ਪਰ ਸ਼ਹੀਦੀ ਦਿਨਾਂ ਦੌਰਾਨ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਠੀਕ ਨਹੀਂ ਹੈ। ਉਹ ਸਿਰਫ ਪ੍ਰਬੰਧਕਾਂ ਨੂੰ ਪ੍ਰੋਗਰਾਮ ਰੋਕਣ ਦੀ ਅਪੀਲ ਕਰਨ ਆਏ ਹਨ।
ਕੀ ਕਹਿਣਾ ਹੈ ਪੁਲਸ ਦਾ
ਥਾਣਾ ਸਦਰ-1 ਦੇ ਐਸਐਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਨਵੇਂ ਸਾਲ ਸਬੰਧੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਹੈ। ਸਕੂਲੀ ਬੱਚੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪਹੁੰਚੇ ਹੋਏ ਹਨ। ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੂੰ ਸਮਝਾਇਆ ਗਿਆ ਹੈ। ਇਸ ਦੇ ਨਾਲ ਹੀ ਅਜਿਹਾ ਕੋਈ ਮਾਮਲਾ ਨਹੀਂ ਹੈ ਕਿ ਮਾਹੌਲ ਖਰਾਬ ਹੋਵੇ।