‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਟੀ ਵੀ ਸ਼ੋਅ ਵਿੱਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉਹ 22 ਅਪ੍ਰੈਲ ਨੂੰ ਆਪਣੇ ਦਿੱਲੀ ਵਾਲੇ ਘਰ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ ਅਤੇ ਉਦੋਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਉਸ ਦਾ ਫ਼ੋਨ ਵੀ ਨਹੀਂ ਮਿਲ ਰਿਹਾ। ਉਸ ਦੇ ਪਿਤਾ ਨੇ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਸ ਨੇ ਅਗਵਾ ਦਾ ਮਾਮਲਾ ਕੀਤਾ ਦਰਜ
ਜਾਣਕਾਰੀ ਮੁਤਾਬਕ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਰਚਰਨ ਸਿੰਘ ਦੇ ਚਾਰ ਦਿਨ ਪਹਿਲਾਂ ਦਿੱਲੀ ਏਅਰਪੋਰਟ ਤੋਂ ਲਾਪਤਾ ਹੋਣ ਦੀ ਉਸ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਮੇਰਾ ਬੇਟਾ ਗੁਰਚਰਨ ਸਿੰਘ ਉਮਰ 50 ਸਾਲ 22 ਅਪ੍ਰੈਲ ਨੂੰ ਸਵੇਰੇ 8.30 ਵਜੇ ਮੁੰਬਈ ਜਾਣ ਲਈ ਦਿੱਲੀ ਵਾਲੇ ਘਰੋਂ ਨਿਕਲਿਆ ਸੀ। ਉਹ ਏਅਰਪੋਰਟ ਗਿਆ ਪਰ ਨਾ ਤਾਂ ਉਹ ਮੁੰਬਈ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ। ਉਸ ਦਾ ਫੋਨ ਵੀ ਬੰਦ ਹੈ। ਪਿਤਾ ਨੇ ਸ਼ਿਕਾਇਤ 'ਚ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਠੀਕ ਹੈ ਅਤੇ ਅਸੀਂ ਉਸ ਦੀ ਭਾਲ ਕਰ ਰਹੇ ਹਾਂ ਪਰ ਉਹ ਅਜੇ ਤੱਕ ਲਾਪਤਾ ਹੈ।
ਇਸ ਲਈ ਛੱਡਿਆ ਸੀ ਸ਼ੋਅ
ਅਭਿਨੇਤਾ ਗੁਰਚਰਨ ਸਿੰਘ ਨੂੰ ਆਖਰੀ ਵਾਰ ਟੀ ਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਵਿੱਚ ਦੇਖਿਆ ਗਿਆ ਸੀ, ਦਿਸ ਤੋਂ ਬਾਅਦ ਉਸ ਨੇ ਸ਼ੋਅ ਛੱਡ ਦਿੱਤਾ ਸੀ। ਉਸ ਨੇ ਆਪਣੇ ਪਿਤਾ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਟੀ ਵੀ ਸ਼ੋਅ ਛੱਡਿਆ ਸੀ।