ਜਲੰਧਰ 'ਚ NIT (ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ) ਵਿਵਾਦਾਂ 'ਚ ਘਿਰ ਗਈ ਹੈ। ਵਿਦਿਆਰਥਣਾਂ ਨੇ ਸੰਸਥਾ ਦੇ ਇੱਕ ਪ੍ਰੋਫੈਸਰ 'ਤੇ ਗੰਭੀਰ ਦੋਸ਼ ਲਗਾਏ ਹਨ। ਦਰਅਸਲ, ਐਮਬੀਏ ਵਿਭਾਗ ਦੀਆਂ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਪ੍ਰੋਫੈਸਰ ਨੇ ਪੇਪਰ ਵਿਚ ਪਾਸ ਕਰਨ ਲਈ ਕਹਿ ਕੇ ਉਨ੍ਹਾਂ ਨਾਲ ਰੇਪ ਤੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰੋਫ਼ੈਸਰ ਇੱਕ ਸਾਲ ਪਹਿਲਾਂ ਹੀ ਸੰਸਥਾ ਵਿੱਚ ਆਇਆ
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਫੈਸਰ ਦੀ ਸ਼ਿਕਾਇਤ ਮਹਿਲਾ ਸੈੱਲ ਕੋਲ ਵੀ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰੋਫੈਸਰ ਇੱਕ ਸਾਲ ਪਹਿਲਾਂ ਹੀ ਸੰਸਥਾ ਵਿੱਚ ਆਇਆ ਹੈ। ਉਕਤ ਪ੍ਰੋਫੈਸਰ ਐਮ.ਬੀ.ਏ ਅਤੇ ਪੀ.ਐਚ.ਡੀ ਕਰ ਰਹੀਆਂ ਲੜਕੀਆਂ ਨਾਲ ਵੀ ਗਲਤ ਹਰਕਤਾਂ ਕਰ ਚੁੱਕਾ ਹੈ।
ਪੇਪਰ ਪਾਸ ਕਰਨ ਦਾ ਕਹਿ ਕੇ ਰੇਪ ਦੀ ਕੋਸ਼ਿਸ਼
ਇਹ ਸਾਰਾ ਸਿਲਸਿਲਾ ਸ਼ੁੱਕਰਵਾਰ ਦੁਪਹਿਰ ਨੂੰ ਸ਼ੁਰੂ ਹੋਇਆ, ਜਿੱਥੇ ਪ੍ਰੋਫੈਸਰ ਨੇ ਵਿਦਿਆਰਥਣ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਪੇਪਰ ਵਿਚ ਪਾਸ ਕਰਵਾ ਦੇਵੇਗਾ। ਹਾਲਾਂਕਿ, ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਅਤੇ ਤੁਰੰਤ ਆਪਣੀਆਂ ਸਾਥੀ ਲੜਕੀਆਂ ਨੂੰ ਇਕੱਠਾ ਕੀਤਾ। ਮਾਮਲੇ ਦੀ ਸੂਚਨਾ ਤੁਰੰਤ ਸੰਸਥਾ ਨੂੰ ਦਿੱਤੀ ਗਈ।
ਜਦੋਂ ਪੁਲਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਜਲੰਧਰ ਦਿਹਾਤ ਤੋਂ ਇੱਕ ਟੀਮ ਜਾਂਚ ਲਈ ਐਨ.ਆਈ.ਟੀ. ਪਹੁੰਚੀ ਪਰ ਪੁਲਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਦੇ ਨਾਲ ਹੀ ਮੀਡੀਆ ਦੇ ਅੰਦਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।