ਵਿਸ਼ਵ ਪ੍ਰਸਿੱਧ ਤਬਲਾ ਵਾਦਕ ਅਤੇ ਪਦਮ ਵਿਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਦੇ ਦੇਹਾਂਤ ਹੋ ਜਾਣ ਨਾਲ ਸੰਗੀਤ ਜਗਤ ਵੱਡਾ ਘਾਟਾ ਪਿਆ ਹੈ। ਪਰਿਵਾਰ ਮੁਤਾਬਕ ਹੁਸੈਨ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸਨ।ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਸਨ। ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਆਈ.ਸੀ.ਯੂ. 'ਚ ਦਾਖ਼ਲ ਕੀਤਾ ਗਿਆ ਤੇ ਉਨ੍ਹਾਂ ਨੇ ਉਥੇ ਹੀ ਆਖਰੀ ਸਾਹ ਲਏ।
ਮੁੰਬਈ ਵਿਚ ਹੋਇਆ ਸੀ ਜਨਮ
ਜ਼ਾਕਿਰ ਦਾ ਜਨਮ 9 ਮਾਰਚ 1951 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਉਸਤਾਦ ਅੱਲ੍ਹਾ ਰਾਖਾ ਕੁਰੈਸ਼ੀ ਅਤੇ ਮਾਤਾ ਦਾ ਨਾਮ ਬਾਵੀ ਬੇਗਮ ਸੀ। ਜ਼ਾਕਿਰ ਦੇ ਪਿਤਾ ਅੱਲ੍ਹਾ ਰਾਖਾ ਵੀ ਤਬਲਾ ਵਾਦਕ ਸਨ। ਜ਼ਾਕਿਰ ਹੁਸੈਨ ਨੇ ਆਪਣੀ ਮੁਢਲੀ ਸਿੱਖਿਆ ਮਹਿਮ, ਮੁੰਬਈ ਦੇ ਸੇਂਟ ਮਾਈਕਲ ਸਕੂਲ ਤੋਂ ਪ੍ਰਾਪਤ ਕੀਤੀ।
ਪਹਿਲੀ ਐਲਬਮ
ਉਸਨੇ ਆਪਣੀ ਗ੍ਰੈਜੂਏਸ਼ਨ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਕੀਤੀ। ਹੁਸੈਨ ਨੇ ਸਿਰਫ਼ 11 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਆਪਣਾ ਪਹਿਲਾ ਸੰਗੀਤ ਸਮਾਰੋਹ ਕੀਤਾ ਸੀ। 1973 ਵਿੱਚ ਉਸ ਨੇ ਆਪਣੀ ਪਹਿਲੀ ਐਲਬਮ ‘ਲਿਵਿੰਗ ਇਨ ਦ ਮਟੀਰੀਅਲ ਵਰਲਡ’ ਲਾਂਚ ਕੀਤੀ।
ਪਰਿਵਾਰ ਅਤੇ ਯੋਗਦਾਨ
ਜ਼ਾਕਿਰ ਹੁਸੈਨ ਨੂੰ ਉਸ ਦੇ ਸੰਗੀਤਕ ਯੋਗਦਾਨ ਲਈ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ, ਹੁਸੈਨ ਨੂੰ 2009 ਵਿੱਚ ਆਪਣਾ ਪਹਿਲਾ ਗ੍ਰੈਮੀ ਅਵਾਰਡ ਮਿਲਿਆ। 2024 ਵਿੱਚ ਉਸ ਨੇ 3 ਵੱਖ-ਵੱਖ ਐਲਬਮਾਂ ਲਈ 3 ਗ੍ਰੈਮੀ ਜਿੱਤੇ।
ਇਸ ਤੋਂ ਇਲਾਵਾ 1988 ਵਿੱਚ ਪਦਮ ਸ਼੍ਰੀ, 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਸ਼ਾਮਲ ਹਨ।
ਜ਼ਾਕਿਰ ਹੁਸੈਨ ਆਪਣੇ ਪਿੱਛੇ ਪਤਨੀ ਐਂਟੋਨੀਆ ਮਿਨੇਕੋਲਾ, ਦੋ ਧੀਆਂ ਅਨੀਸਾ ਕੁਰੈਸ਼ੀ ਅਤੇ ਇਜ਼ਾਬੇਲਾ ਕੁਰੈਸ਼ੀ, ਭਰਾ ਤੌਫੀਕ ਅਤੇ ਫਜ਼ਲ ਕੁਰੈਸ਼ੀ ਅਤੇ ਭੈਣ ਖੁਰਸ਼ੀਦ ਛੱਡ ਗਏ ਹਨ। ਜ਼ਾਕਿਰ ਹੁਸੈਨ ਨੂੰ ਆਪਣੀ ਪੀੜ੍ਹੀ ਦਾ ਸਭ ਤੋਂ ਮਹਾਨ ਤਬਲਾ ਵਾਦਕ ਮੰਨਿਆ ਜਾਂਦਾ ਹੈ। ਉਸ ਨੇ ਭਾਰਤ ਦੇ ਮਹਾਨ ਕਲਾਸੀਕਲ ਸੰਗੀਤਕਾਰਾਂ ਵਿੱਚ ਅਹਿਮ ਸਥਾਨ ਪ੍ਰਾਪਤ ਕੀਤਾ ਹੈ।