ਜਲੰਧਰ ਦੇ ਦਮੋਰਿਆ ਪੁਲ ਨੇੜੇ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਦੇ ਮਾਮਲੇ 'ਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐੱਸਡੀਐੱਮ ਬਲਬੀਰ ਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐਸਡੀਐਮ ਬਲਬੀਰ ਸਿੰਘ ਨੇ ਦੱਸਿਆ ਕਿ ਬਚਾਅ ਦੌਰਾਨ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਐਸਡੀਐਮ ਨੇ ਦੱਸਿਆ ਕਿ ਡੀਸੀ ਹਿਮਾਂਸ਼ੂ ਅਗਰਵਾਲ ਨੇ ਫੈਕਟਰੀ ਵਿੱਚ ਗੈਸ ਲੀਕ ਹੋਣ ਸਬੰਧੀ ਐਸਡੀਐਮ-1 ਨੂੰ ਜਾਂਚ ਵਜੋਂ ਮਾਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ 15 ਦਿਨਾਂ ਵਿੱਚ ਆ ਜਾਵੇਗੀ।
ਫੈਕਟਰੀ ਦੇ ਲਾਇਸੈਂਸ ਤੇ ਬਾਕੀ ਕਾਗਜ਼ਾਤ ਵੀ ਕੀਤੇ ਜਾਣਗੇ ਚੈੱਕ
ਰਿਪੋਰਟ ਆਉਣ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ । ਇਸ ਦੌਰਾਨ ਹੋਰਨਾਂ ਥਾਵਾਂ ’ਤੇ ਸਥਾਪਿਤ ਆਈਸ ਫੈਕਟਰੀਆਂ ਬਾਰੇ ਵੀ ਰਾਏ ਲਈ ਜਾਵੇਗੀ। ਦੂਜੇ ਪਾਸੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਫੈਕਟਰੀ ਦੇ ਲਾਇਸੈਂਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਸਾਰੇ ਕਾਗਜ਼ਾਤ ਚੈੱਕ ਕੀਤੇ ਜਾਣਗੇ। ਜੇਕਰ ਉਨ੍ਹਾਂ ਵਿੱਚ ਕੋਈ ਕਮੀ ਪਾਈ ਗਈ ਤਾਂ ਇਸ ਮਾਮਲੇ ਸਬੰਧੀ ਫੈਕਟਰੀ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਲਾਜ ਦੌਰਾਨ ਇੱਕ ਦੀ ਹੋਈ ਮੌਤ
ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਦਮੋਰਿਆ ਪੁਲ ਨੇੜੇ ਆਈਸ ਫੈਕਟਰੀ ਵਿੱਚ ਵਾਪਰੀ। ਇਸ ਘਟਨਾ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ 4 'ਚੋਂ 3 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਜਦਕਿ ਚੌਥੇ ਵਿਅਕਤੀ ਦੀ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।