ਮਹਾਂਕੁੰਭ ਦੇ ਖਤਮ ਹੋਣ 'ਚ ਸਿਰਫ਼ 7 ਦਿਨ ਬਾਕੀ ਹਨ। 38 ਦਿਨਾਂ ਵਿੱਚ ਕੁੱਲ 55.56 ਕਰੋੜ ਸ਼ਰਧਾਲੂਆਂ ਨੇ ਡੁਬਕੀ ਲਗਾਈ ਹੈ। ਇਸ ਦੌਰਾਨ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ 17 ਫਰਵਰੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੂੰ ਇੱਕ ਰਿਪੋਰਟ ਸੌਂਪੀ, ਜਿਸ 'ਚ ਪ੍ਰਯਾਗਰਾਜ ਵਿੱਚ ਮਹਾਂਕੁੰਭ ਦੌਰਾਨ ਨਦੀ ਦੇ ਪਾਣੀ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ।
ਕਿਹਾ ਜਾਂਦਾ ਹੈ ਕਿ ਦੋਵਾਂ ਨਦੀਆਂ (ਗੰਗਾ-ਯਮੁਨਾ) ਦਾ ਪਾਣੀ ਨਹਾਉਣ ਦੇ ਯੋਗ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ 9 ਤੋਂ 21 ਜਨਵਰੀ ਦੇ ਵਿਚਕਾਰ ਪ੍ਰਯਾਗਰਾਜ ਵਿੱਚ ਕੁੱਲ 73 ਵੱਖ-ਵੱਖ ਥਾਵਾਂ ਤੋਂ ਨਮੂਨੇ ਇਕੱਠੇ ਕੀਤੇ। ਹੁਣ ਉਸਦੀ ਜਾਂਚ ਦੇ ਨਤੀਜੇ ਜਾਰੀ ਕੀਤੇ ਗਏ ਹਨ। ਸੀਪੀਸੀਬੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਸੂਚਿਤ ਕੀਤਾ ਕਿ ਨਦੀ ਦੇ ਪਾਣੀ ਵਿੱਚ ਮਲ-ਮੂਤਰ ਕੋਲੀਫਾਰਮ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਇਹ ਨਹਾਉਣ ਲਈ ਸੁਰੱਖਿਅਤ ਨਹੀਂ ਹੈ।
ਦੱਸ ਦੇਈਏ ਕਿ ਮਹਾਂਕੁੰਭ ਮੇਲੇ ਵਿੱਚ ਲੱਖਾਂ ਸ਼ਰਧਾਲੂ ਪਵਿੱਤਰ ਇਸ਼ਨਾਨ ਲਈ ਤ੍ਰਿਵੇਣੀ ਸੰਗਮ 'ਚ ਆ ਰਹੇ ਹਨ, ਪਰ ਇਹ ਰਿਪੋਰਟ ਉਨ੍ਹਾਂ ਲਈ ਚੇਤਾਵਨੀ ਬਣ ਕੇ ਆਈ ਹੈ। ਇਸ ਰਿਪੋਰਟ ਦੇ ਅਨੁਸਾਰ, 'ਫੇਕਲ ਕੋਲੀਫਾਰਮ' ਨਾਮਕ ਬੈਕਟੀਰੀਆ, ਜੋ ਕਿ ਗੰਦੇ ਪਾਣੀ ਦੇ ਦੂਸ਼ਿਤ ਹੋਣ ਦਾ ਸੂਚਕ ਹੈ, ਜਿਸਦੀ ਸਵੀਕਾਰਯੋਗ ਸੀਮਾ 1ML ਪਾਣੀ ਵਿੱਚ 100 ਹੈ, 2,500 ਪਾਈ ਗਈ ਹੈ।
ਡੀਐਮ ਨੇ ਕਿਹਾ- ਮੇਲਾ ਸਿਰਫ਼ 26 ਫਰਵਰੀ ਤੱਕ ਚੱਲੇਗਾ
ਸੋਸ਼ਲ ਮੀਡੀਆ 'ਤੇ ਇੱਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਰਕਾਰ ਨੇ ਭੀੜ ਨੂੰ ਦੇਖਦੇ ਹੋਏ ਮਹਾਂਕੁੰਭ ਮੇਲਾ ਮਾਰਚ ਤੱਕ ਵਧਾ ਦਿੱਤਾ ਹੈ। ਇਸ 'ਤੇ ਪ੍ਰਯਾਗਰਾਜ ਦੇ ਡੀਐਮ ਰਵਿੰਦਰ ਮੰਡਾਰ ਨੇ ਕਿਹਾ- ਅਫਵਾਹਾਂ 'ਤੇ ਧਿਆਨ ਨਾ ਦਿਓ। ਮਹਾਂਕੁੰਭ 26 ਫਰਵਰੀ ਨੂੰ ਹੀ ਸਮਾਪਤ ਹੋਵੇਗਾ।
ਮਹਾਂਕੁੰਭ ਮੇਲਾ 26 ਫਰਵਰੀ ਤੱਕ ਰਹੇਗਾ ਜਾਰੀ
ਦੱਸ ਦੇਈਏ ਕਿ ਮਹਾਂਕੁੰਭ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਧਾਰਮਿਕ ਇਕੱਠਾਂ 'ਚੋਂ ਇੱਕ ਹੈ। ਇਹ ਭਾਰਤ 'ਚ ਹਰ 12 ਸਾਲਾਂ ਬਾਅਦ ਚਾਰ ਥਾਵਾਂ ਵਿੱਚੋਂ ਕਿਸੇ ਇੱਕ 'ਤੇ ਆਯੋਜਿਤ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਂਕੁੰਭ ਮੇਲਾ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 26 ਫਰਵਰੀ ਤੱਕ ਜਾਰੀ ਰਹੇਗਾ।