ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ 22 ਫਰਵਰੀ ਨੂੰ ਐਲਾਨੀ ਹੜਤਾਲ ਫਿਲਹਾਲ ਮੁਲਤਵੀ ਕਰ ਦਿੱਤੀ ਹੈ। ਤਿੰਨ ਪ੍ਰਮੁੱਖ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ 22 ਤਰੀਕ ਨੂੰ ਹੋਣ ਵਾਲੀ ਮੀਟਿੰਗ ਕਾਰਨ ਫਿਲਹਾਲ ਇਸ ਨੂੰ ਵਾਪਸ ਲੈ ਲਿਆ ਗਿਆ ਹੈ।
ਦੱਸ ਦੇਈਏ ਕਿ ਪੈਟਰੋਲ ਪੰਪ ਐਸੋਸੀਏਸ਼ਨ ਨੇ ਡੀਲਰ ਕਮਿਸ਼ਨ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਹੜਤਾਲ ਕੀਤੀ ਸੀ। ਆਗੂਆਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪਿਛਲੇ 7 ਸਾਲਾਂ ਤੋਂ ਡੀਲਰਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ, ਜਿਸ ਕਾਰਨ ਉਨ੍ਹਾਂ ਇਹ ਸਖ਼ਤ ਫੈਸਲਾ ਲਿਆ ਹੈ।
ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਜੇਕਰ 22 ਫਰਵਰੀ ਨੂੰ ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ 29 ਫਰਵਰੀ ਨੂੰ ਹੜਤਾਲ ਕੀਤੀ ਜਾਵੇਗੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਪੈਟਰੋਲੀਅਮ ਕੰਪਨੀਆਂ ਦੇ ਉੱਚ ਅਧਿਕਾਰੀਆਂ ਨੇ 22 ਫਰਵਰੀ ਨੂੰ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਪੈਟਰੋਲ ਪੰਪ ਡੀਲਰਾਂ ਨੂੰ ਵੱਡੀ ਰਾਹਤ ਦੇਣ ਦਾ ਭਰੋਸਾ ਦਿੱਤਾ ਹੈ।
ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਹਰ ਕਿਸੇ ਦੀ ਆਮਦਨ ਵਧੀ ਹੈ ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪੈਟਰੋਲੀਅਮ ਕੰਪਨੀਆਂ ਨੇ ਕਦੇ ਡੀਲਰਾਂ ਵੱਲ ਧਿਆਨ ਦਿੱਤਾ ਹੈ। ਅੱਜ ਵੀ ਉਨ੍ਹਾਂ ਦਾ ਕਮਿਸ਼ਨ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦਾ ਕਮਿਸ਼ਨ ਵਧਾਇਆ ਜਾਵੇ। 5 ਫੀਸਦੀ ਕਮਿਸ਼ਨ ਜਾਂ ਅਪੂਰਵ ਚੰਦਰ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।