ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਅੱਜ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜਿਸ 'ਚ 1300 ਤੋਂ ਵੱਧ ਉਮੀਦਵਾਰ ਸ਼ਾਮਲ ਹਨ। ਇਸ ਵਿੱਚ ਗੁਜਰਾਤ ਦੀਆਂ 25, ਉੱਤਰ ਪ੍ਰਦੇਸ਼ ਦੀਆਂ 10, ਮਹਾਰਾਸ਼ਟਰ ਦੀਆਂ 11 ਅਤੇ ਕਰਨਾਟਕ ਦੀਆਂ 14 ਸੀਟਾਂ ਸ਼ਾਮਲ ਹਨ। ਪੋਲਿੰਗ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੈ। ਹਾਲਾਂਕਿ ਕੁਝ ਲੋਕ ਸਭਾ ਸੀਟਾਂ 'ਤੇ ਵੋਟਿੰਗ ਸ਼ਾਮ 4 ਵਜੇ ਖਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
ਪੀ ਐਮ ਮੋਦੀ ਨੇ ਐਕਸ ਉਤੇ ਕੀਤੀ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ 'ਤੇ ਪੋਸਟ ਕਰ ਕੇ ਰਾਸ਼ਟਰ ਨੂੰ ਸੰਦੇਸ਼ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।
ਵੋਟ ਪਾਉਣ ਤੋਂ ਬਾਅਦ ਪੀ ਐਮ ਮੋਦੀ ਕਾਫੀ ਦੇਰ ਤੱਕ ਬੂਥ ਦੇ ਬਾਹਰ ਰਹੇ। ਉਨ੍ਹਾਂ ਬੱਚਿਆਂ ਦੇ ਹੱਥਾਂ 'ਤੇ ਆਟੋਗ੍ਰਾਫ ਵੀ ਦਿੱਤੇ। ਲੋਕਾਂ ਨਾਲ ਤਸਵੀਰਾਂ ਕਰਵਾਈਆਂ । ਉਨਾਂ ਨੇ ਇਕ ਛੋਟੀ ਬੱਚੀ ਨੂੰ ਗੋਦ 'ਚ ਲੈ ਕੇ ਉਸ ਨੂੰ ਪਿਆਰ ਤੇ ਸਨੇਹ ਦਿੱਤਾ।