ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਇਆ ਅੱਜ ਦਾ ਹੁਕਮਨਾਮਾ ਸਾਹਿਬ
ਮੰਗਲਵਾਰ, ੧੫ ਕੱਤਕ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੬੭੬)
ਧਨਾਸਰੀ ਮਹਲਾ ੫॥
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
(ਅਰਥ)
ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ।੨। ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ।੩।੩।੨੧।
'amritsar ashib','hukumnama sahib','satnam waheguru','shri guru granth sahib ji'