ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ ਸਬਦਿ ਮਿਲਾਵੈ ॥ ਹਰਿ ਕੇ ਲੋਗ ਅਵਰ ਨਹੀ ਕਾਰਾ ॥ ਸਾਚਉ ਠਾਕੁਰੁ ਸਾਚੁ ਪਿਆਰਾ ॥੨॥
(ਅਰਥ)
ਸਹਜਿ = ਅਡੋਲ ਅਵਸਥਾ ਵਿਚ। ਮਰਣੁ = ਆਤਮਕ ਮੌਤ। ਆਵਣੁ ਜਾਣੁ = ਜਨਮ ਮਰਨ ਦਾ ਗੇੜ। ਸੋਇ = ਉਹ (ਠਾਕੁਰ)।੧। ਸਹਜ ਘਰੁ = ਅਡੋਲ ਆਤਮਕ ਅਵਸਥਾ ਦਾ ਘਰ। ਮਰਿ = ਆਤਮਕ ਮੌਤੇ ਮਰ ਕੇ।੧।ਰਹਾਉ। ਕਰਉ = ਮੈਂ ਕਰਦਾ ਹਾਂ। ਜਿ = ਜੇਹੜਾ। ਸਾਚੁ = ਸਦਾ-ਥਿਰ ਪ੍ਰਭੂ। ਕਥਾਵੈ = ਸਿਫ਼ਤਿ-ਸਾਲਾਹ ਕਰਾਂਦਾ ਹੈ। ਸਾਚਉ = ਸਦਾ-ਥਿਰ ਰਹਿਣ ਵਾਲਾ।੨।
(ਵਿਆਖਿਆ)
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ। ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ। ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ। ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ।੧। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। (ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ।੧।ਰਹਾਉ। ਮੈਂ (ਭੀ) ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜੇਹੜਾ ਸਦਾ-ਥਿਰ ਪ੍ਰਭੂ ਨੂੰ (ਮੇਰੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਦੇਵੇ, ਜੇਹੜਾ ਮੈਥੋਂ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਵੇ, ਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ-ਚਰਨਾਂ ਵਿਚ ਜੋੜ ਦੇਵੇ। ਪਰਮਾਤਮਾ ਦੇ ਭਗਤ ਨੂੰ (ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਕਾਰ ਨਹੀਂ (ਸੁੱਝਦੀ)। ਭਗਤ ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ, ਸਦਾ-ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ।੨।