ਬੁੱਧਵਾਰ, 11 ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੩ ਅਪ੍ਰੈਲ, ੨੦੨੫ (ਅੰਗ: ੮੧੯)
ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥ ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥
(ਵਿਆਖਿਆ)
ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।1। ਰਹਾਉ। ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।1। ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ। ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।2। 16। 80।