ਖਬਰਿਸਤਾਨ ਨੈੱਟਵਰਕ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਜਿਸਟਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਰਜਿਸਟਰੀਆਂ ਕਰਵਾਉਣ ਲਈ ਤਹਿਸੀਲਾਂ ਵਿਚ ਧੱਕੇ ਨਹੀਂ ਖਾਣੇ ਪੈਣਗੇ ਕਿਉਂਕਿ ਜਲਦ ਹੀ ਰਜਿਸਟਰੀਆਂ ਸੇਵਾ ਕੇਂਦਰਾਂ ਵਿਚ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਲੁਧਿਆਣਾ ਵਿਚ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ
ਦੱਸ ਦੇਈਏ ਕਿ ਸੀ ਐਮ ਮਾਨ ਅੱਜ ਲੁਧਿਆਣਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪੁੱਜੇ ਸਨ, ਜਿਸ 'ਚ ਆਧੁਨਿਕ ਸਹੂਲਤਾਂ ਨਾਲ ਲੈਸ, 26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਪੋਰਟਸ ਪਾਰਕ, 4.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਬੇਡਕਰ ਭਵਨ ਅਤੇ 8.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹਾਈ ਲੈਵਲ ਪੁਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਸਾਡੀ ਸਰਕਾਰ ਵਚਨਬੱਧ ਹੈ।
ਸੇਵਾ ਕੇਂਦਰਾਂ ਵਿਚ ਹੋਣਗੀਆਂ ਰਜਿਸਟਰੀਆਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਅਸੀਂ ਰਜਿਸਟਰੀਆਂ ਨੂੰ ਲੈ ਕੇ ਇੱਕ ਟਰਾਇਲ ਸ਼ੁਰੂ ਕੀਤਾ ਹੈ, ਜਿਸ 'ਚ ਤੁਹਾਡੀਆਂ ਰਜਿਸਟਰੀਆਂ ਕਚਹਿਰੀਆਂ ਦੀ ਬਜਾਏ ਸੇਵਾ ਕੇਂਦਰਾਂ 'ਚ ਹੋਣਗੀਆਂ। ਅਫ਼ਸਰ ਆਪ ਘਰੇ ਆ ਕੇ ਤੁਹਾਡੀਆਂ ਰਜਿਸਟਰੀਆਂ ਦੇ ਕੇ ਜਾਣਗੇ। ਲੋਕਾਂ ਨੂੰ ਹੁਣ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।
ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਿਸਟਮ ਦਾ ਟਰਾਇਲ ਚੱਲ ਰਿਹਾ ਹੈ ਤੇ 15-20 ਦਿਨਾਂ ਤੱਕ ਇਹ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੇਵਾਂ ਕੇਂਦਰਾਂ ਵਿਚ ਰਜਿਸਟਰੀਆਂ ਲਿਖੀਆਂ ਜਾਇਆ ਕਰਨਗੀਆਂ। ਲੋਕਾਂ ਨੂੰ ਸਿਰਫ ਫੋਟੋ ਕਰਵਾਉਣ ਲਈ ਕਚਹਿਰੀ ਜਾਣਾ ਪਵੇਗਾ।
ਪੰਜਾਬੀ ਵਿਚ ਲਿਖਿਆ ਜਾਇਆ ਕਰਨਗੀਆਂ ਰਜਿਸਟਰੀਆਂ
ਦੱਸ਼ ਦੇਈਏ ਕਿ ਰਜਿਸਟਰੀਆਂ ਵਿੱਚ ਵਰਤੀ ਜਾਣ ਵਾਲੀ ਉਰਦੂ ਬਾਬਤ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਰਜਿਸਟਰੀਆਂ ਉਰਦੂ ਵਿਚ ਨਹੀਂ ਸਗੋਂ ਪੰਜਾਬੀ 'ਚ ਲਿਖੀਆਂ ਜਾਣਗੀਆਂ।ਤਰਜੀਹ ਪੰਜਾਬੀ ਨੂੰ ਹੀ ਦਿੱਤੀ ਜਾਵੇਗੀ। ਜੇ ਕੋਈ ਰਜਿਸਟਰੀ ਹਿੰਦੀ ਜਾਂ ਅੰਗਰੇਜ਼ੀ ਵਿਚ ਲਿਖਵਾਉਣਾ ਚਾਹੁੰਦਾ ਹੈ ਤਾਂ ਉਹ ਲਿਖਵਾ ਸਕਦਾ ਹੈ।