ਸ਼ੁੱਕਰਵਾਰ, ੮ ਭਾਦੋਂ (ਸੰਮਤ ੫੫੬ ਨਾਨਕਸ਼ਾਹੀ) ੨੩ ਅਗਸਤ, ੨੦੨੪ (ਅੰਗ: ੪੮੯)
ਗੂਜਰੀ ਮਹਲਾ ੧ ॥
ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
( ਵਿਆਖਿਆ )
(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ, (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥ ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ। ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ॥ ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥