ਚੰਡੀਗੜ੍ਹ ਦੇ Elante ਮਾੱਲ ਵਿੱਚ ਖਿਡੌਣਾ ਟ੍ਰੇਨ ਪਲਟ ਗਈ। ਜਿਸ ਕਾਰਨ ਉਸ 'ਚ ਬੈਠਾ 11 ਸਾਲਾ ਬੱਚਾ ਹੇਠਾਂ ਡਿੱਗ ਗਿਆ, ਜਿਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ।
Toy ਟ੍ਰੇਨ ਚ ਬੈਠੇ ਸਨ 2 ਹੀ ਬੱਚੇ
ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਨੇ ਮਾੱਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਵੀ ਜ਼ਬਤ ਕਰ ਲਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਖਿਡੌਣਾ ਟਰੇਨ ਵਿੱਚ ਸਿਰਫ਼ ਦੋ ਬੱਚੇ ਹੀ ਬੈਠੇ ਸਨ।
ਕੰਪਨੀ ਮਾਲਕਾਂ ਖਿਲਾਫ ਮਾਮਲਾ ਦਰਜ
ਜਤਿੰਦਰ ਪਾਲ ਦੀ ਸ਼ਿਕਾਇਤ 'ਤੇ ਪੁਲਸ ਨੇ ਖਿਡੌਣਾ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂ ਧਾਮ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਹੈ। ਜਤਿੰਦਰ ਪਾਲ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਸ਼ਨੀਵਾਰ ਨੂੰ ਚੰਡੀਗੜ੍ਹ ਘੁੰਮਣ ਆਇਆ ਸੀ। ਸ਼ਨੀਵਾਰ ਰਾਤ 8 ਵਜੇ ਦੋਵੇਂ ਪਰਿਵਾਰਕ ਮੈਂਬਰ ਘੁੰਮਣ ਅਤੇ ਖਰੀਦਦਾਰੀ ਕਰਨ ਆਏ ਸਨ।
ਆਪਰੇਟਰ ਨੇ ਨਹੀਂ ਦਿੱਤੀ ਪਰਚੀ
ਮਾੱਲ ਦੇ ਅੰਦਰ ਗਰਾਊਂਡ ਫਲੋਰ 'ਤੇ ਬੇਟੇ ਸ਼ਾਹਬਾਜ਼ ਅਤੇ ਨਵਦੀਪ ਦਾ ਬੇਟਾ ਖਿਡੌਣਾ ਟਰੇਨ 'ਚ ਝੂਲਾ ਲੈਣ ਲਈ ਕਹਿਣ ਲੱਗੇ। ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡੌਣਾ ਟਰੇਨ ਵਿੱਚ ਝੂਲੇ ਦੇਣ ਲਈ ਰਾਜ਼ੀ ਹੋ ਗਏ। ਜਿਸ ਤੋਂ ਬਾਅਦ ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦੇ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ। ਸ਼ਾਹਬਾਜ਼ ਅਤੇ ਦੂਜਾ ਬੱਚਾ ਖਿਡੌਣਾ ਟਰੇਨ ਦੇ ਆਖਰੀ ਡੱਬੇ ਵਿੱਚ ਬੈਠੇ ਸਨ।
ਬੇਕਾਬੂ ਹੋ ਕੇ ਪਲਟੀ ਖਿਡੌਣਾ ਟਰੇਨ
ਕੁਝ ਸਮੇਂ ਬਾਅਦ ਅਚਾਨਕ ਖਿਡੌਣਾ ਟਰੇਨ ਦਾ ਸੰਤੁਲਨ ਵਿਗੜ ਗਿਆ ਅਤੇ ਪਿਛਲਾ ਡੱਬਾ ਪਲਟ ਗਿਆ ਅਤੇ ਸ਼ਾਹਬਾਜ਼ ਦਾ ਸਿਰ ਕੰਪਾਰਟਮੈਂਟ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ 'ਤੇ ਜ਼ੋਰ ਨਾਲ ਜਾ ਵੱਜਿਆ। ਜਿਸ ਤੋਂ ਬਾਅਦ ਸ਼ਾਹਬਾਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।