ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜੇ ਮੁਕੇਰੀਆਂ-ਹਾਜੀਪੁਰ ਮੁੱਖ ਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਕਾਰ ਦਰੱਖਤ ਨਾਲ ਇੰਨੀ ਜ਼ੋਰਦਾਰ ਟਕਰਾਈ ਕਿ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਦਾ ਕਾਰਨ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਕਾਰ ਵਿੱਚ ਦੋ ਬੱਚਿਆਂ ਸਮੇਤ ਕੁੱਲ 6 ਲੋਕ ਸਵਾਰ ਸਨ।
ਹਾਦਸੇ 'ਚ ਭੈਣ-ਭਰਾ ਦੀ ਮੌਤ, 4 ਲੋਕ ਗੰਭੀਰ ਜ਼ਖਮੀ
ਇਸ ਹਾਦਸੇ ਵਿੱਚ ਕਾਰ ਚਾਲਕ ਜੈਸ਼ ਪੁੱਤਰ ਸ਼ਾਮ ਸੁੰਦਰ ਵਾਸੀ ਮੁਕੇਰੀਆਂ ਅਤੇ ਉਸ ਦੀ ਭੈਣ ਸੁਪ੍ਰੀਆ ਪਤਨੀ ਨਰਿੰਦਰ ਵਾਲੀ ਦੀ ਮੌਤ ਹੋ ਗਈ। ਜਦਕਿ ਕਾਰ 'ਚ ਸਵਾਰ ਸਵਾਰੀਆਂ ਨੈਵੇਦਾ ਪੁੱਤਰੀ ਸੁਮੀਤ ਸ਼ਰਮਾ, ਤਾਰਾ ਦੇਵੀ ਪਤਨੀ ਸ਼ਾਮ ਸੁੰਦਰ, ਸੁਮਨ ਪਤਨੀ ਰਮੇਸ਼ ਚੰਦਰ ਅਤੇ ਡਿੰਪੀ ਪਤਨੀ ਜੈਸ਼ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਮੁਕੇਰੀਆਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।
ਦਰੱਖਤ ਨਾਲ ਟਕਰਾਈ ਕਾਰ
ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਪਰਿਵਾਰ ਹਾਜੀਪੁਰ ਤੋਂ ਧਾਰਮਕ ਅਸਥਾਨ 'ਤੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਕਿ ਕਾਰ ਸਿੱਧੀ ਦਰੱਖਤ ਨਾਲ ਟਕਰਾ ਗਈ, ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਕਾਰ 'ਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਮੁਕੇਰੀਆਂ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।