ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ 'ਚ ਸਥਿਤ ਮਸ਼ਹੂਰ ਸ਼੍ਰੀ ਵੈਂਕਟੇਸ਼ਵਰ ਮੰਦਰ 'ਚ ਦਰਸ਼ਨ ਦੀ ਪ੍ਰਕਿਰਿਆ 'ਚ ਬਦਲਾਅ ਹੋਣ ਜਾ ਰਿਹਾ ਹੈ। ਹੁਣ ਸ਼ਰਧਾਲੂਆਂ ਨੂੰ ਸਿਰਫ 2 ਘੰਟਿਆਂ 'ਚ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਵਾਏ ਜਾਣਗੇ। ਇਹ ਫੈਸਲਾ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ (ਟੀਟੀਡੀ) ਨੇ ਲਿਆ ਹੈ।
ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਰੋਜ਼ਾਨਾ 1 ਲੱਖ ਦੇ ਕਰੀਬ ਸ਼ਰਧਾਲੂ ਆਉਣ 'ਤੇ ਦਰਸ਼ਨਾਂ ਲਈ 20 ਤੋਂ 30 ਘੰਟੇ ਉਡੀਕ ਕਰਨੀ ਪੈਂਦੀ ਹੈ, ਜਿਸ ਕਾਰਨ ਟੀਟੀਡੀ ਨੇ ਇਹ ਫੈਸਲਾ ਲਿਆ ਹੈ।
AI ਦੀ ਵਰਤੋਂ ਕੀਤੀ ਜਾਵੇਗੀ
ਜਾਣਕਾਰੀ ਅਨੁਸਾਰ ਨਵੀਂ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਤਿਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਦਰਸ਼ਨ ਪ੍ਰਕ੍ਰਿਆ ਨੂੰ ਹੋਰ ਸੁਚਾਰੂ ਅਤੇ ਸਮਾਂਬੱਧ ਬਣਾਇਆ ਜਾਵੇਗਾ।
VIP ਕੋਟਾ ਖਤਮ ਹੋ ਜਾਵੇਗਾ
ਬੋਰਡ ਮੈਂਬਰ ਜੇ ਸ਼ਿਆਮਲਾ ਰਾਓ ਅਨੁਸਾਰ ਵੀਆਈਪੀ ਦਰਸ਼ਨਾਂ ਦਾ ਕੋਟਾ ਖ਼ਤਮ ਕਰ ਦਿੱਤਾ ਜਾਵੇਗਾ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਹੋਵੇ।
ਪਹਿਲੇ ਮੰਗਲਵਾਰ ਨੂੰ ਵਿਸ਼ੇਸ਼ ਦਰਸ਼ਨ ਹੋਣਗੇ
ਦੱਸਿਆ ਜਾ ਰਿਹਾ ਹੈ ਕਿ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਤਿਰੂਪਤੀ ਦੇ ਸਥਾਨਕ ਨਾਗਰਿਕਾਂ ਲਈ ਵਿਸ਼ੇਸ਼ ਦਰਸ਼ਨਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਕੋਈ ਵੀ ਆਗੂ ਸਿਆਸੀ ਬਿਆਨ ਨਹੀਂ ਦੇ ਸਕੇਗਾ
ਹੁਣ ਤੋਂ ਨੇਤਾਵਾਂ ਨੂੰ ਮੰਦਰ ਕੰਪਲੈਕਸ 'ਚ ਸਿਆਸੀ ਬਿਆਨਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਆਗੂ ਅਜਿਹਾ ਕਰਦਾ ਹੈ ਤਾਂ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਤਿਰੁਮਾਲਾ ਮੰਦਰ ਦੇ ਪ੍ਰਬੰਧਾਂ ਨੂੰ ਹੋਰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇਹ ਬਦਲਾਅ ਕੀਤੇ ਜਾ ਰਹੇ ਹਨ।