ਰੇਲ ਯਾਤਰੀਆਂ ਦਾ ਸਫਰ ਆਰਾਮਦਾਇਕ ਤੇ ਆਸਾਨ ਹੋਣ ਵਾਲਾ ਹੈ। ਵੰਦੇ ਭਾਰਤ ਐਕਸਪ੍ਰੈਸ ਤੋਂ ਬਾਅਦ ਵੰਦੇ ਭਾਰਤ ਮੈਟਰੋ ਟਰੇਨ ਜਲਦ ਹੀ ਦੇਸ਼ ਦੇ ਵੱਡੇ ਰੇਲਵੇ ਸਟੇਸ਼ਨਾਂ ਦੀ ਪਟੜੀ 'ਤੇ ਚੱਲਣ ਵਾਲੀ ਹੈ। ਪਿਛਲੇ ਕਈ ਸਾਲਾਂ ਤੋਂ ਕਪੂਰਥਲਾ ਰੇਲ ਕੋਚ ਫੈਕਟਰੀ ਵਿੱਚ ਵੰਦੇ ਭਾਰਤ ਮੈਟਰੋ ਟਰੇਨ ਦੇ ਕੋਚ ਤਿਆਰ ਕੀਤੇ ਜਾ ਰਹੇ ਸਨ। ਜਿਸ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਪੰਜਵੇਂ ਦਿਨ ਯਾਨੀ 1 ਮਈ ਨੂੰ ਵੰਦੇ ਭਾਰਤ ਮੈਟਰੋ ਟਰੇਨ ਦਾ ਟਰਾਇਲ ਵੀ ਰੇਲ ਕੋਚ ਫੈਕਟਰੀ ਵਿਖੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਲਿਆ ਗਿਆ। ਜਿਸ ਵਿਚ ਕਾਮਯਾਬੀ ਮਿਲੀ ਹੈ। ਜੁਲਾਈ 'ਚ ਹੀ ਵੰਦੇ ਭਾਰਤ ਮੈਟਰੋ ਟਰੇਨ ਦੇਸ਼ ਦੇ 9 ਵਿਸਤ੍ਰਿਤ ਸਟੇਸ਼ਨਾਂ 'ਤੇ ਚੱਲਦੀ ਦਿਖਾਈ ਦੇਵੇਗੀ।
ਵੰਦੇ ਭਾਰਤ ਐਕਸਪ੍ਰੈਸ ਦੀ ਤਰਜ਼ 'ਤੇ ਤਿਆਰ ਕੀਤੀ ਗਈ, ਵੰਦੇ ਭਾਰਤ ਮੈਟਰੋ ਟਰੇਨ ਵਿਚ ਯਾਤਰੀਆਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹਵਾਈ ਜਹਾਜ਼ ਵਿਚ ਮਿਲਦੀਆਂ ਹਨ। ਵੰਦੇ ਭਾਰਤ ਮੈਟਰੋ ਟ੍ਰੇਨ ਦਾ ਜੂਨ ਵਿੱਚ ਇੱਕ ਵਾਰ ਫਿਰ ਪ੍ਰੀਖਣ ਕੀਤਾ ਜਾਵੇਗਾ। ਜਿਸ ਤੋਂ ਬਾਅਦ ਟਰੇਨ ਨੂੰ ਯਾਤਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਕਪੂਰਥਲਾ 'ਚ ਇਸ ਸਮੇਂ ਸਿਰਫ 9 ਵੰਦੇ ਭਾਰਤ ਮੈਟਰੋ ਟਰੇਨਾਂ ਤਿਆਰ ਕੀਤੀਆਂ ਗਈਆਂ ਹਨ ਤੇ ਕਰੀਬ 50 ਟਰੇਨਾਂ ਬਣਾਉਣ ਦੀ ਤਿਆਰੀ ਹੈ ਤੇ ਇਸ ਦੀ ਗਿਣਤੀ 400 ਤੱਕ ਵੀ ਪਹੁੰਚ ਸਕਦੀ ਹੈ। ਰਿਪੋਰਟਾਂ ਮੁਤਾਬਕ ਵੰਦੇ ਮੈਟਰੋ ਟਰੇਨ 124 ਸ਼ਹਿਰਾਂ ਨੂੰ ਜੋੜਨਗੀਆਂ।
100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਵੰਦੇ ਭਾਰਤ ਮੈਟਰੋ ਟਰੇਨ ਦੀ ਰਫ਼ਤਾਰ
ਰੇਲਵੇ ਅਧਿਕਾਰੀਆਂ ਮੁਤਾਬਕ ਵੰਦੇ ਭਾਰਤ ਮੈਟਰੋ ਟਰੇਨ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਇਸ ਟਰੇਨ 'ਚ ਸਫਰ ਵੀ ਉਨ੍ਹਾਂ ਹੀ ਆਰਾਮਦਾਇਕ ਹੋਵੇਗਾ, ਜਿੰਨਾ ਵੰਦੇ ਭਾਰਤ ਐਕਸਪ੍ਰੈਸ ਵਿੱਚ ਹੈ। ਵੰਦੇ ਭਾਰਤ ਮੈਟਰੋ ਟਰੇਨ 100 ਕਿਲੋਮੀਟਰ ਤੋਂ 250 ਕਿਲੋਮੀਟਰ ਤੱਕ ਚੱਲੇਗੀ। ਇਹ ਰੇਲ ਗੱਡੀ ਬਹੁਤ ਲੰਮੀ ਦੂਰੀ ਤੈਅ ਨਹੀਂ ਕਰੇਗੀ ਤੇ ਇਸ ਨੂੰ ਸੰਭਾਲਣ ਲਈ ਵਿਸ਼ੇਸ਼ ਸਟਾਫ਼ ਤਾਇਨਾਤ ਕਰਨ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ।
ਲੋਕਲ ਟਰੇਨਾਂ 'ਚ ਘਟੇਗੀ ਭੀੜ
ਵੰਦੇ ਭਾਰਤ ਮੈਟਰੋ ਟਰੇਨ ਜਿਨ੍ਹਾਂ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਉੱਥੇ ਦੇ ਰੇਲਵੇ ਸਟੇਸ਼ਨਾਂ 'ਤੇ ਲੋਕਲ ਟਰੇਨਾਂ 'ਚ ਕਾਫੀ ਭੀੜ ਹੁੰਦੀ ਹੈ। ਇਨ੍ਹਾਂ ਟਰੇਨਾਂ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਲ ਟਰੇਨਾਂ 'ਚ ਭੀੜ ਘੱਟ ਜਾਵੇਗੀ ਤੇ ਯਾਤਰੀ ਆਸਾਨੀ ਨਾਲ ਸਫਰ ਕਰ ਸਕਣਗੇ। ਇਸ ਵਿੱਚ ਡਿਫਾਲਟ ਸੰਰਚਨਾ ਦੇ ਤੌਰ 'ਤੇ 12 ਕੋਚ ਹਨ। ਜਿਸ ਨੂੰ 16 ਕੋਚਾਂ ਤੱਕ ਵਧਾਇਆ ਜਾ ਸਕਦਾ ਹੈ। ਰੇਲਵੇ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਹੈ ਕਿ ਸੁਰੱਖਿਆ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 2014 ਤੋਂ ਕਈ ਸੁਧਾਰਾਤਮਕ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਦਿੱਤੀ ਜਾਵੇਗੀ ਵੰਦੇ ਭਾਰਤ ਮੈਟਰੋ ਟਰੇਨ
ਜਾਣਕਾਰੀ ਮੁਤਾਬਕ ਮੁੰਬਈ, ਲਖਨਊ, ਕਾਨਪੁਰ, ਆਗਰਾ, ਮਥੁਰਾ, ਦਿੱਲੀ-ਰੇਵਾੜੀ, ਭੁਵਨੇਸ਼ਵਰ-ਬਾਲਾਸੋਰ ਤੇ ਤਿਰੂਪਤੀ-ਚੇਨਈ ਵਿਚਾਲੇ ਵੰਦੇ ਭਾਰਤ ਮੈਟਰੋ ਟਰੇਨ ਚਲਾਉਣ ਦੀ ਯੋਜਨਾ ਹੈ ਪਰ ਇਸ 'ਚ ਰਿਜ਼ਰਵੇਸ਼ਨ ਦੀ ਸਹੂਲਤ ਨਹੀਂ ਹੋਵੇਗੀ ਇੱਕ ਅਣਰਿਜ਼ਰਵਡ ਰੇਲਗੱਡੀ ਹੋਵੇਗੀ , ਕਿਉਂਕਿ ਇਸ ਨਾਲ ਸਿਰਫ਼ ਘੱਟ ਦੂਰੀ ਹੀ ਤੈਅ ਕੀਤੀ ਜਾਵੇਗੀ। ਰੇਲਵੇ ਮੁਤਾਬਕ ਇਸ ਟਰੇਨ ਨੂੰ ਪਹਿਲਾਂ ਮੁੰਬਈ 'ਚ ਚਲਾਉਣ ਦੀ ਯੋਜਨਾ ਹੈ, ਜਿਸ 'ਚ 16 ਡੱਬਿਆਂ 'ਚ 4364 ਯਾਤਰੀ ਸਫਰ ਕਰ ਸਕਦੇ ਹਨ, ਯਾਨੀ ਇਕ ਡੱਬੇ 'ਚ ਕਰੀਬ 280 ਯਾਤਰੀ ਸਫਰ ਕਰ ਸਕਦੇ ਹਨ।
ਟਰੇਨ 'ਚ ਮਿਲਣਗੀਆਂ ਇਹ ਸੁਵਿਧਾਵਾਂ
ਵੰਦੇ ਮੈਟਰੋ ਟਰੇਨ ਵਿੱਚ ਉਹ ਸਾਰੀਆਂ ਸੁਵਿਧਾਵਾਂ ਹੋਣਗੀਆਂ ਜੋ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈਸ ਵਿੱਚ ਦਿੱਤੀਆਂ ਜਾਂਦੀਆਂ ਹਨ। ਡਰਾਈਵਰ ਨਾਲ ਗੱਲਬਾਤ ਕਰਨ ਲਈ ਇਸ ਟਰੇਨ ਵਿੱਚ ਟਾਕ ਬੈਕ ਸਿਸਟਮ ਵੀ ਲਗਾਇਆ ਗਿਆ ਹੈ। ਜਿਸ ਨਾਲ ਯਾਤਰੀਆਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਵੀ ਸੂਚਿਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਟਰੇਨ 'ਚ 14 ਸੈਂਸਰ ਲਗਾਏ ਗਏ ਹਨ। ਜਿਸ ਨਾਲ ਅੱਗ ਅਤੇ ਧੂੰਏਂ ਦੀ ਸੂਚਨਾ ਵੀ ਕੰਟਰੋਲ ਤਕ ਪਹੁੰਚਾਣਗੇ ਅਤੇ ਅਲਾਰਮ ਵੀ ਵੱਜੇਗਾ।