ਕਿਸੇ ਵੀ ਦਿਹਾੜੇ ਦਾ ਮਹੱਤਵ ਉਸ ਦਿਨ ਨਾਲ ਜੁੜੇ ਘਟਨਾਕ੍ਰਮ ਕਰਕੇ ਹੁੰਦਾ ਹੈ। ਅੱਜ ਉਸ ਦਿਹਾੜੇ ਦੀ ਗੱਲ ਕੀਤੀ ਜਾਣੀ ਹੈ, ਜਿਸ ਦਿਹਾੜੇ ਬਾਬਾ ਨਾਨਕ ਇਸ ਜਗਤ ਵਿਚ ਆਏ ਪਰ ਇਕ ਗੱਲ ਏਥੇ ਸਾਫ ਕਰ ਦਿੱਤੀ ਜਾਵੇ ਕਿ ਅੱਜ ਵਿਚਾਰ ਕਰਦਿਆਂ ਥੋਥੀਆਂ ਸਾਖੀਆਂ ਜੋ ਬਹੁਤੀਆਂ ਝੂਠ ਤੇ ਅਧਾਰਤ ਹਨ, ਸੱਪ ਵਲੋਂ ਬਾਬੇ ਦੇ ਚਿਹਰੇ ਤੇ ਛਾਂ ਕਰਨ ਦੀ, ਵਿਹਲੜਾਂ ਨੂੰ ਭੋਜਨ ਛਕਾਉਣ ਦੀ ਜਾਂ ਹੋਰ ਬਹੁਤ ਸਾਰੀਆਂ ਅਜਿਹੀਆਂ ਘੜੀਆਂ ਹੋਈਆਂ ਸਾਖੀਆਂ ਬਾਰੇ ਵਿਚਾਰ ਕਰਨ ਤੇ ਸਮਾਂ ਬਰਬਾਦ ਕਰਨਾ ਚੰਗਾ ਨਹੀਂ ਲਗਦਾ।
ਬਾਬਾ ਨਾਨਕ ਜੀ ਦੇ ਆਗਮਨ ਤੇ ਭਾਈ ਗੁਰਦਾਸ ਜੀ ਨੇ ਲਿਖਿਆ :
ਸਤਿਗੁਰ ਨਾਨਕ ਪ੍ਰਗਟਿਆਂ, ਮਿਟੀ ਧੁੰਦ ਜੱਗ ਚਾਨਣ ਹੋਆ
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥
ਧੁੰਦ ਭਰੀ ਸਥਿਤੀ ਅਜਿਹੀ ਹੀ ਹੁੰਦੀ ਹੈ ਜਿਸ ਵਿੱਚ ਨਜ਼ਰ ਹੀ ਕੁੱਝ ਨਹੀਂ ਆਉਂਦਾ, ਇਹਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿੱਚ ਬਾਬਾ ਨਾਨਕ ਸੂਰਜ ਬਣਕੇ ਆਏ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾਂ, ਟੂਣੇ-ਟਾਮਣਾਂ ਅਤੇ ਆਪਣੇ ਆਪ ਤੇ ਬੇਵਿਸ਼ਵਾਸੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਵਿਖੇ ਹੋਇਆ (ਜੋ ਹੁਣ ਪਾਕਿਸਤਾਨ ਵਿਚ ਹੈ ਅਤੇ ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ),। ਗੁਰੂ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਇਹਨਾਂ ਦੇ ਪਿਤਾ ਮਹਿਤਾ ਕਾਲੂ ਜੋ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਕੋਲ ਨੌਕਰੀ ਕਰਦੇ ਸਨ। ਇਨ੍ਹਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ।
ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਭਾਈਆ ਜੈ ਰਾਮ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਨ੍ਹਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।
1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ-ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ 'ਪੱਟੀ' ਵਿੱਚ ਦਰਜ ਕੀਤਾ ਹੈ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ-ਵਟਾਂਦਰਾ ਕੀਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਕੋਲ ਭੇਜਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਆਪ ਨੇ 'ਸੀਹਰਫੀ' ਉਚਾਰੀ ਜੋ ਜਨਮ ਸਾਖੀਆਂ ਵਿੱਚ ਮਿਲਦੀ ਹੈ।
ਹੁਣ ਹਾਲਤ ਕੀ ਨੇ ਕਿ ਗੁਰੂ ਘਰਾਂ ਅੰਦਰ ਸ਼ਰਧਾਪੂਰਵਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ। ਗੁਰੂ ਬਾਬੇ ਦੀਆਂ ਸਿੱਖਿਆਵਾਂ ਬਾਰੇ ਵਿਚਾਰਾਂ ਕਰ ਕੇ, ਉਨ੍ਹਾਂ ਦੀਆਂ ਸਿਖਿਆਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਤੇ ਅਮਲ ਕਰਕੇ ਇਸ ਦੁਨੀਆਂ ਦੇ ਜੋ ਆਮ ਕੁਚੱਜੇ ਵਹਿਣ ਨੇ ਉਨ੍ਹਾਂ ਨੂੰ ਮਨੁੱਖਵਾਦੀ ਧਾਰਾ ਵੱਲ ਮੋੜਨ ਦੇ ਸੱਦੇ ਦਿੱਤੇ ਜਾ ਰਹੇ ਹਨ। ਇਹ ਕਾਰਜ ਬਹੁਤ ਔਖਾ ਹੈ, ਪਰ ਇੱਥੇ ਗੱਲ ਕਰਦਿਆਂ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਸਮਾਜ ਦੀ ਵਿਗੜ ਰਹੀ ਧਾਰਾ ਨੂੰ ਸਹੀ ਰਸਤੇ ਵੱਲ ਮੋੜਨਾ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ। ਇਸ ਬਾਰੇ ਸਖਤ ਮਿਹਨਤ-ਮੁਸ਼ੱਕਤ ਤਾਂ ਕਰਨੀ ਹੀ ਪਵੇਗੀ, ਸੋ ਇਹ ਭਲਾ ਸੌਖਾ ਕਾਰਜ ਕਿਵੇਂ ਹੋ ਸਕਦਾ ਹੈ? ਪਰ ਇਨ੍ਹਾਂ ਸਿਖਿਆਵਾਂ ਨਾਲ ਜੁੜੇ ਬਗੈਰ ਅਤੇ ਉਨ੍ਹਾਂ ਉੱਤੇ ਅਮਲ ਕੀਤੇ ਬਿਨਾਂ ਸਭ ਵਿਖਿਆਨ ਥੋਥੇ ਹਨ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਥੀਊਰੀ ਜਾਂ ਵਿਚਾਰ ਜਦੋਂ ਤੱਕ ਉਸ ਉੱਤੇ ਹੁੰਦੇ ਅਮਲ ਨੂੰ ਨਾ ਪਰਖਿਆ ਜਾਵੇ ਉਸ ਦਾ ਪੂਰਾ ਸੱਚ ਪੱਲੇ ਨਹੀਂ ਪੈਂਦਾ। ਜੋ ਸੱਚ ਨੂੰ ਨਾ ਪਰਖੇ ਜਾਂ ਹੁੰਘਾਲੇ ਉਹ ਕਾਹਦਾ ਵਿਚਾਰ? ਲੋੜ ਹੈ ਅੱਜ ਦੀ ਸਥਿਤੀ ਤੇ ਘੋਖਵੀਂ ਤੇ ਡੂੰਘੀ ਨਜ਼ਰ ਮਾਰਨ ਦੀ ਵਿਚਾਰਨ ਤੇ ਪਰਖ ਕਰਨ ਦੀ।
ਅੱਜ ਦਾ ਸਮਾਂ ਉਸ ਸਮੇਂ ਤੋਂ ਬਹੁਤ ਵੱਖਰਾ ਹੈ, ਜਿਸ ਸਮੇਂ ਬਾਬਾ ਨਾਨਕ ਦਾ ਇਸ ਜੱਗ ਵਿੱਚ ਆਗਮਨ ਹੋਇਆ ਸੀ। ਉਦੋਂ ਸਮਾਜ ਅੰਦਰ ਸਿਰੇ ਦੀ ਗੁਰਬਤ ਸੀ, ਹਰ ਪਾਸੇ ਧੁੰਦ ਹੀ ਧੁੰਦ ਸੀ ਵਹਿਮਾਂ ਭਰਮਾਂ ਵਿੱਚ ਸਾਡਾ ਸਮਾਜ ਗਰਕਿਆ ਪਿਆ ਸੀ, (ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਅਜੇ ਉਸੇ ਜਿੱਲਣ ਵਿਚ ਫਸੇ ਬੈਠੇ ਹਾਂ) ਬ੍ਰਾਹਮਣੀ ਮੱਤ ਵਲੋਂ ਦਿੱਤੀ ਵਿਤਕਰੇ ਭਰਪੂਰ ਅਣਮਨੁੱਖੀ ਸੋਚ ਜਾਤ-ਪਾਤ (ਵਰਣ-ਵਿਵਸਥਾ) ਦੇ ਅਧਾਰ 'ਤੇ ਮਨੁੱਖ ਦੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਸੀ। ਤਕੜਾ ਮਾੜੇ ਨੂੰ ਦਬਾਈ ਜਾ ਰਿਹਾ ਸੀ, ਮਾੜੇ ਦਾ ਜੀਣ ਬਹੁਤ ਔਖਾ ਸੀ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਹੀ ਸਭ ਤੋਂ ਔਖਾ ਜੀਵਨ ਬਸਰ ਕਰਦਾ ਸੀ, ਵਿਹਲੜ ਉਦੋਂ ਵੀ ਅੱਜ ਦੇ ਵਿਹਲੜਾਂ ਵਾਂਗ ਹੀ ਮੌਜਾਂ ਮਾਣਦੇ ਸਨ। ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਸੰਤ -ਮਹਾਤਮਾਂ ਕਹਾਉਂਦੇ ਲੋਕ ਪਖੰਡਾਂ ਵਿੱਚ ਗਲਤਾਨ ਸਨ ਜਿਵੇਂ ਅੱਜ ਹਨ, ਆਪਣੀ ਹੀ ਪੂਜਾ ਕਰਵਾਈ ਜਾਂਦੇ ਹਨ। ਉਨ੍ਹਾਂ ਨੂੰ ਸਮਾਜ ਨਾਲੋਂ ਵੱਧ ਆਪਣੇ ਸੁੱਖਾਂ ਭਰੇ ਜੀਵਨ ਦਾ ਫਿਕਰ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਜੀਵਨ ਅਤੇ ਜਹਾਨ ਵਲੋਂ ਉਦਾਸ ਤੇ ਉਪਰਾਮ ਹੋਏ ਪਹਾੜੀ ਜਾ ਚੜ੍ਹੇ, ਭਗਤੀ ਦੀਆਂ ਗੱਲਾਂ ਕਰਨ ਲੱਗੇ। ਪਰ ਜਿਊਣ ਦੇ ਸਾਰੇ ਸਾਧਨ ਉਹ ਫੇਰ ਵੀ ਉਸ ਸਮਾਜ ਤੋਂ ਹੀ ਮੰਗਦੇ ਰਹੇ, ਜਿਸ ਨੂੰ ਤਿਆਗਣ ਦਾ ਉਹ ਪਾਖੰਡ ਕਰਦੇ ਸਨ। ਪਰ ਜਿਸ ਸਮਾਜ ਨੂੰ ਚੰਗੀ ਅਗਵਾਈ ਦੀ ਲੋੜ ਹੋਵੇ ਜੇ ਉਦੋਂ ਆਪਣੇ ਆਪ ਨੂੰ ਸੇਧ ਦੇਣ ਵਾਲੇ ਵੀ ਸੇਧ ਹੀਣ ਹੋ ਜਾਣ ਤਾਂ ਉਸ ਸਮਾਜ ਨੂੰ ਢਹਿੰਦੀਆਂ ਕਲਾਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਉਦੋਂ ਹਾਲਤ ਵੀ ਇਵੇਂ ਦੀ ਹੀ ਸੀ, ਤੇ ਹੋਇਆ ਵੀ ਇਵੇਂ ਹੀ ਸੀ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਨਾਨਕ ਅਜਿਹੇ ਨਾਥ ਜੋਗੀਆਂ ਦੇ ਡੇਰਿਆਂ ਉਤੇ ਪਹੁੰਚੇ, ਉਨ੍ਹਾਂ ਨਾਲ ਵਿਚਾਰਾਂ ਕੀਤੀਆਂ, ਉਨ੍ਹਾਂ ਨੂੰ ਠੀਕ ਰਾਹ ਦੀ ਦੱਸ ਪਾਈ। ਇਹ ਗੱਲਾਂ-ਬਾਤਾਂ ਜਿਨ੍ਹਾਂ ਨੂੰ ਗੋਸ਼ਟਿ ਭਾਵ ਵਿਚਾਰ-ਵਟਾਂਦਰਾ ਕਰਨਾ ਵੀ ਕਿਹਾ ਜਾਂਦਾ ਹੈ। ਅੱਜ ਸੋਚਦੇ ਹਾਂ ਕਿ ਇੱਥੋਂ ਹੀ ਅੱਜ ਦੀ ਗੋਸ਼ਟੀ, ਸੈਮੀਨਾਰ ਵਿਚਾਰ-ਵਟਾਂਦਰੇ ਆਦਿ ਦੀ ਸ਼ੁਰੂਆਤ ਹੋਈ ਹੋਵੇਗੀ ਕਿ ਦੂਜੇ ਦੀ ਗੱਲ ਸੁਣਨੀ ਤੇ ਆਪਣੀ ਕਹਿਣੀ ਵਾਲੀ ਰਵਾਇਤ ਤੁਰੀ, ਜੋ ਅੱਜ ਦੇ ਸੰਸਾਰ ਅੰਦਰ ਹਰ ਪਾਸੇ ਹੀ ਵਰਤੀ ਜਾ ਰਹੀ ਹੈ। ਇਸੇ ਕਰਕੇ ਤਾਂ ਬਾਬੇ ਨਾਨਕ ਨੇ ਕਿਹਾ ਸੀ :-
ਜਬ ਲਗ ਦੁਨੀਆ ਰਹੀਏ ਨਾਨਕ
ਕਿਛੁ ਸੁਣੀਐਂ, ਕਿਛੁ ਕਹੀਐ ॥
ਅਜਿਹੀ ਸਥਿਤੀ ਬਾਰੇ ਕਿਸੇ ਕਵੀ ਮਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਬਾਬੇ ਨੇ ਸਿੱਧਾਂ ਦੇ ਮਨ ਤਾਂ ਬਦਲੇ ਪਰ ਅਸੀਂ ਆਪਣੇ ਮਨਾਂ ਤੇ ਡੇਰਿਆਂ ਵਿਚ ਚਾਨਣ ਹੋਣ ਹੀ ਨਹੀਂ ਦੇਣਾ ਚਾਹੁੰਦੇ । ਕਵੀ ਕਹਿੰਦਾ ਹੈ :-
ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ
ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿਚ
ਸਿੱਧਾਂ ਜੋਗੀਆਂ ਦੇ ਅੰਬਰਾਂ 'ਚ ਤਾਰੇ ਚਾਹੜ ਦਿੱਤੇ
ਲੋਅ ਫੇਰ ਵੀ ਨਾ ਹੋਈ ਸਾਡੇ ਡੇਰਿਆਂ ਦੇ ਵਿਚ।
ਸਾਡੇ ਹੁਣ ਦੇ ਡੇਰੇ ਤਾਂ ਵੰਡਦੇ ਹੀ ਹਨੇਰਾ ਹਨ- ਇਨ੍ਹਾਂ ਤੋਂ ਬਚਣ ਦਾ ਹੋਕਾ ਦੇਣਾ ਸਾਡਾ ਫ਼ਰਜ਼ ਹੈ।
ਗੁਰੂ ਜੀ ਤਿੱਬਤ, ਲੰਕਾ ਅਤੇ ਅਰਬ ਦੇਸ਼ਾਂ ਵਿੱਚ ਵੀ ਗਏ। ਉੱਘੇ ਧਰਮ ਅਸਥਾਨਾਂ ਵਿੱਚ ਜਾ ਕੇ ਪੰਡਤਾਂ, ਮੁਲਾਣਿਆਂ ਅਤੇ ਆਮ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ। ਸੰਸਾਰ ਦੇ ਧਾਰਮਿਕ ਆਗੂਆਂ ਵਿਚੋਂ ਸਭ ਤੋਂ ਵੱਧ ਸਫਰ ਕਰਨ ਵਾਲੇ ਆਪ ਹੀ ਸਨ। ਆਪ ਨੇ ਬਾਣੀ ਰਾਹੀਂ ਥਾਂ-ਥਾਂ 'ਤੇ ਪ੍ਰਚਾਰ ਕੀਤਾ। ਆਪ ਨੇ ਕਾਵਿ ਰਚਨਾ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ। 1480 ਈ: ਵਿੱਚ ਸਮਾਜੀ ਸੰਸਕਾਰ ਦੀ ਪੂਰਤੀ ਲਈ ਬੁਲਾਏ ਗਏ ਪ੍ਰੋਹਤ ਨੂੰ ਗੁਰੂ ਜੀ ਨੇ ਜੰਝੂ ਬਾਰੇ ਗਿਆਨ ਦਿੱਤਾ। ਇਸ ਤਰ੍ਹਾਂ ਬਚਪਨ ਤੋਂ ਆਪ ਦਾ ਕਾਵਿ ਸਫਰ ਆਰੰਭ ਹੁੰਦਾ ਹੈ ਤੇ ਸਮਾਂ ਬੀਤਣ ਨਾਲ ਇਸ ਦਾ ਵਿਕਾਸ ਹੁੰਦਾ ਹੈ।
ਬਾਬਾ ਨਾਨਕ ਬਚਪਨ ਤੋਂ ਹੀ ਅਜਿਹੇ ਕਿਰਦਾਰ ਨਾਲ ਵਿਚਰਨ ਲੱਗੇ ਕਿ ਉਨ੍ਹਾਂ ਦਾ ਹਰ ਕਾਰਜ ਹੀ ਨਵਾਂ ਅਤੇ ਨਵੇਕਲਾ ਸੀ। ਉਦੋਂ ਦੀ ਸਮਾਜਿਕ ਰੀਤ ਸੀ ਕਿ ਜਦੋਂ ਬੱਚੇ ਨੂੰ ਸਮਾਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਬ੍ਰਾਹਮਣੀ ਰੀਤਾਂ ਅਨੁਸਾਰ ਉਸਦੇ ਗਲ ਵਿੱਚ ਜਨੇਊ ਪਾਇਆ ਜਾਂਦਾ ਸੀ। ਸੂਤ ਦੀ ਵੱਟੀ ਡੋਰ ਨੂੰ ਹੀ ਜਨੇਊ ਕਿਹਾ ਜਾਂਦਾ ਹੈ। ਜਦੋਂ ਪਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਨੇ ਆਪਣੇ ਘਰ ਪੰਡਿਤ ਨੂੰ ਬੁਲਾ ਕੇ ਨਾਨਕ ਦੇ ਗਲ ਜਨੇਊ ਪਾਉਣ ਵਾਸਤੇ ਕਿਹਾ ਤਾਂ ਬਾਬੇ ਨਾਨਕ ਨੇ ਅਜਿਹੇ ਜਨੇਊ ਦੀ ਮੰਗ ਕੀਤੀ ਕਿ ਜੋ ਦਇਆ ਭਰਪੂਰ ਹੋਵੇ, ਸਬਰ, ਸੰਜਮ ਤੇ ਸੰਤੋਖ ਵਾਲਾ ਹੋਵੇ, ਜੋ ਟੁੱਟੇ ਨਾ, ਜੋ ਜਲ਼ੇ ਨਾ ਤੇ ਮੈਲ਼ਾ ਨਾ ਹੋਵੇ ਆਦਿ ਤੇ ਪੰਡਿਤ ਨੂੰ ਕਿਹਾ :-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ ।
ਇਸ ਤਰ੍ਹਾਂ ਸਬਰ, ਸੰਤੋਖ, ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲ਼ਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰ ਕੇ ਬਾਬੇ ਨਾਨਕ ਨੇ ਸੂਤ ਦੇ ਵੱਟੇ ਧਾਗਿਆਂ ਵਾਲੇ ਜਨੇਊ ਨੂੰ ਹੀ ਰੱਦ ਕਰ ਦਿੱਤਾ। ਪਰ ਪੰਡਤ ਅਜਿਹੇ ਜਨੇਊ ਬਾਰੇ ਜਾਣਦਾ ਹੀ ਕੁੱਝ ਨਹੀਂ ਸੀ ਜਿਹੜਾ ਬਾਬੇ ਨਾਨਕ ਨੇ ਮੰਗਿਆ। ਉਸ ਸਮੇਂ ਦਲੀਲ ਨਾਲ ਰਵਾਇਤੀ ਕਿਸਮ ਦੇ ਜਨੇਊ ਨੂੰ ਪਾਉਣ ਤੋਂ ਕੀਤੀ ਗਈ ਨਾਂਹ ਵਿਚੋਂ ਨਵਾਂ ਵਿਚਾਰ ਨਵਾਂ ਰਾਹ ਭਾਵ ਸਿੱਖੀ ਦੇ ਰਾਹ ਦੀ ਧਾਰਾ ਫੁੱਟਦੀ ਹੈ, ਇਹ ਸਾਨੂੰ ਅੱਜ ਸਮਝਣਾ ਸੌਖਾ ਹੈ, ਉਦੋਂ ਭਾਵੇਂ ਔਖਾ ਲੱਗਿਆ ਹੋਵੇ। ਫਰਜ਼ ਕਰੋ ਬਾਬਾ ਨਾਨਕ ਉਸ ਦਿਨ ਜਦੋਂ ਪਿਤਾ ਕਾਲੂ ਜੀ ਨੇ ਪੰਡਿਤ ਨੂੰ ਘਰ ਸੱਦਿਆ ਜੇ ਉਦੋਂ ਪੰਡਿਤ ਦੇ ਕਹੇ ਜਨੇਊ ਪਾ ਲੈਂਦੇ ਤਾਂ ਕੀ ਅੱਜ ਇਹ ਸਥਿਤੀ ਹੁੰਦੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਹਾਂ, ਆਪਾਂ ਰਲਕੇ ਬੈਠਦੇ ਹਾਂ, ਸਾਂਝੀਆਂ ਵਿਚਾਰਾਂ ਕਰਦੇ ਹਾਂ ਇਹ ਉਸ ਦਿਨ ਬਾਬਾ ਨਾਨਕ ਵਲੋਂ ਰਵਾਇਤੀ ਕਿਸਮ ਦੇ ਜਨੇਊ ਪਾਉਣ ਤੋਂ ਕੀਤੀ ਗਈ ਨਾਂਹ ਦਾ ਸਿੱਟਾ ਹੀ ਹੈ ਕਿ ਇਹ ਨਵਾਂ ਰਾਹ ਤੁਰਿਆ ਜੋ ਸਿੱਖੀ ਦਾ ਰਾਹ ਬਣ ਗਿਆ। ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਨਾਨਕ ਤੋਂ ਪਹਿਲਾਂ ਰਵਿਦਾਸ ਜੀ, ਕਬੀਰ ਜੀ ਨੇ ਵੀ ਇਸ ਖੋਟ ਅਤੇ ਵਿਤਕਰੇ ਭਰੇ ਬ੍ਰਾਹਮਣੀ ਰਾਹ ਨੂੰ ਰੱਦ ਕੀਤਾ ਅਤੇ ਭਗਤੀ ਲਹਿਰ ਦੇ ਬਾਕੀ ਰਹਿਬਰ ਜਾਂ ਹੋਰ ਭਗਤ ਉਸ ਸਮੇਂ ਦੇ ਝੂਠੇ ਬ੍ਰਾਹਮਣੀ ਕਰਮ ਕਾਂਡਾਂ ਨੂੰ ਰੱਦ ਕਰਨ ਵਾਲੇ ਸਭ ਤੋਂ ਪਹਿਲੇ ਸਨ। ਇਸੇ ਰਾਹ ਨੂੰ ਬਾਬਾ ਨਾਨਕ ਨੇ ਅੱਗੇ ਤੋਰਿਆ। ਬਹੁਤ ਸਾਰੇ ਸੂਝਵਾਨ ਇਸ ਮੱਤ ਦੇ ਪੱਕੇ ਹਮਾਇਤੀ ਹਨ ਕਿ ਭਗਤੀ ਲਹਿਰ ਦੀ ਸਿਖਰ ਹੀ ਸਿੱਖ ਲਹਿਰ ਦੀ ਬੁਨਿਆਦ ਬਣੀ ਸੀ। ਇਸ ਦਾ ਸਬੂਤ ਹੀ ਹੈ ਸਿੱਖਾਂ ਦੇ ਧਾਰਮਿਕ ਗ੍ਰੰਥ ਵਿਚ ਭਗਤ ਬਾਣੀ ਦਾ ਸ਼ਾਮਲ ਹੋਣਾ। ਗੁਰੂਆਂ ਤੇ ਭਗਤਾਂ ਦੀ ਸਾਂਝੀ ਮੱਤ ਜੋ ਸਾਨੂੰ ਆਪਣੀ ਸੋਚ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਜਿਹੜੀ ਵੀ ਗੱਲ ਦਲੀਲ ਭਰਪੂਰ ਨਹੀਂ ਜਾਂ ਤਰਕ ਸੰਗਤ ਨਹੀਂ ਉਸ ਨੂੰ ਹੌਸਲੇ ਨਾਲ ਰੱਦ ਕਰ ਸਕੀਏ ਤਾਂ ਕਿ ਅਸੀਂ ਨੇਰ੍ਹਾ ਢੋਣ ਤੋਂ ਬਚ ਸਕੀਏ, ਕਿਸੇ ਵੀ ਗੱਲ ਬਾਰੇ ਸਹੀ ਫੈਸਲਾ ਲੈ ਸਕੀਏ। ਇਹ ਨਾਨਕ ਦਾ ਰਾਹ ਹੈ ਜੋ ਜੱਗ ਚਾਨਣ ਕਰਦਾ ਹੈ। ਪਰ ਬਹੁਤ ਵਾਰ ਅਸੀਂ ਇਸ ਦਲੀਲ ਭਰੇ ਰਾਹ ਤੋਂ ਪਾਸੇ ਜਾਂਦਿਆਂ ਅਣਜਾਣੇ ਹੀ ਵਹਿਮਾਂ-ਭਰਮਾਂ ਵਾਲੇ ਰਾਹ ਤੁਰ ਪੈਂਦੇ ਹਾਂ, ਇਸ ਵਿੱਚ ਔਖ ਨਹੀਂ, ਲੋਕ ਟੋਕਦੇ ਨਹੀਂ ਕਿਉਂਕਿ ਪੈੜ ਵਿੱਚ ਪੈੜ ਰੱਖਣੀ ਸੌਖੀ ਹੁੰਦੀ ਹੈ ਪਰ ਇਹ ਰਾਹ ਫੇਰ ਨਾਨਕ ਦਾ ਰਾਹ ਨਹੀਂ। ਨਵੇਂ ਰਾਹੇ ਤੁਰਨ ਕਰਕੇ ਤਾਂ ਬਾਬਾ ਨਾਨਕ ਨੂੰ ਸਮਾਜ ਅੰਦਰ ਜੀਅ ਰਹੇ ਦੰਭੀਆਂ ਨੇ ਕੁਰਾਹੀਆਂ ਤੱਕ ਕਿਹਾ। ਇੱਥੋਂ ਹੀ ਪਤਾ ਲਗਦਾ ਹੈ ਕਿ ਚੱਲ ਰਹੀ ਰੀਤ ਦੀ ਥਾਵੇਂ ਨਵਾਂ ਰਾਹ ਪਾਉਣਾ ਸੌਖਾ ਨਹੀਂ ਸਗੋਂ ਬਹੁਤ ਹੀ ਔਖਾ ਹੁੰਦਾ ਹੈ। ਇਸ ਬਾਰੇ ਬਹੁਤ ਕੁੱਝ ਸੁਣਨਾ ਤੇ ਸਹਿਣਾ ਪੈਂਦਾ ਹੈ।
ਬ੍ਰਾਹਮਣੀ ਸਮਾਜ ਵਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਅਤੇ ਅਜਿਹੇ ਹੀ ਕੁਲੈਹਣੇ ਹੋਰ ਨਹੋਰਿਆਂ ਦਾ ਵਿਰੋਧ ਕੀਤਾ। ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਸਵੈਮਾਣ ਦੇ ਹੱਕ 'ਚ ਬਾਬੇ ਨੇ ਅਵਾਜ਼ ਬੁਲੰਦ ਕੀਤੀ ਤੇ ਕਿਹਾ :-
ਭੰਡਿ ਜੰਮੀਐ ਭੰਡ ਨਿੰਮੀਐ
ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ ॥
ਭੰਡੁ ਮੂਆ ਭੰਡੁ ਭਾਲੀਐ
ਭੰਡਿ ਹੋਵੇ ਬੰਧਾਨ ॥
ਸੋ ਕਿਉਂ ਮੰਦਾ ਆਖੀਐ
ਜਿਤਿ ਜੰਮੈ ਰਾਜਾਨ ॥
ਅੱਜ ਦੇ ਸਮੇਂ ਸਾਨੂੰ ਆਪਣੇ ਜੀਵਨ ਆਪਣੇ ਘਰ ਤੇ ਆਪਣੇ ਸਮਾਜ ਜਾਂ ਆਪਣੇ ਆਲ਼ੇ-ਦੁਆਲ਼ੇ ਨਿਗਾਹ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਦਰਅਸਲ ਹੋ ਕੀ ਰਿਹਾ ਹੈ? ਕੀ ਬਾਬਾ ਨਾਨਕ ਵਲੋਂ ਆਪਣੇ ਸਮੇਂ ਵਿੱਚ ਲੋਕਾਈ ਨੂੰ ਦਿੱਤੇ ਉਪਦੇਸ਼ ਲੋਕਾਂ ਨੇ ਆਪਣੇ ਜੀਵਨ ਵਿੱਚ ਅਪਣਾਏ ਵੀ ਹਨ, ਜਾਂ ਫੇਰ ਅੱਜ ਅਸੀਂ ਢੋਲਕੀਆਂ-ਛੈਣੇ ਕੁੱਟਣ 'ਤੇ ਹੀ ਜ਼ੋਰ ਲਾਈ ਜਾ ਰਹੇ ਹਾਂ। ਕੀ ਬਾਬਾ ਨਾਨਕ ਹੀ ਫੇਰ ਆਵੇ ਤੇ ਉਹ ਹੀ ਸਭ ਕੁੱਝ ਕਰੇ। ਕੀ ਅਸੀਂ ਜਦੋਂ ਕਦੇ ਕੋਈ ਭਲਾਈ ਦਾ ਕੰਮ ਕਰਦੇ ਹਾਂ ਉਹ ਆਪਣੇ ਦਿਲੋਂ-ਮਨੋਂ ਕਰਦੇ ਹਾਂ ਜਾਂ ਸਮਾਜ ਵਿੱਚ ਆਪਣੀ ਟੌਹਰ ਬਨਾਉਣ ਖਾਤਰ ਜਾਂ ਦਿਖਾਵੇ ਵਾਸਤੇ ਹੀ ਕਰਦੇ ਹਾਂ। ਜੇ ਅਜਿਹਾ ਹੈ ਤਾਂ ਅਸੀਂ ਬਾਬੇ ਨਾਲ ਵੀ ਤੇ ਆਪਣੇ ਲੋਕਾਂ ਨਾਲ ਵੀ ਧੋਖਾ ਹੀ ਕਰ ਰਹੇ ਹੁੰਦੇ ਹਾਂ ਜੇ ਅਸਲ ਕਹਿਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ ਕਿ ਦਰਅਸਲ ਅਸੀਂ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੁੰਦੇ ਹਾਂ। ਜੋ ਬਾਬੇ ਦੀ ਸਿੱਖਿਆ ਨਹੀਂ ਸਗੋਂ ਉਸਦੇ ਉਲਟ ਹੈ।
ਬਾਬੇ ਨਾਨਕ ਦੀਆਂ ਸਿਖਿਆਵਾਂ ਬਾਰੇ ਸੋਚਦਿਆਂ ਸਾਨੂੰ ਇਸ ਗੱਲ ਵੱਲ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿ ਕੀ ਘਰ ਪਰਿਵਾਰ ਅੰਦਰ ਰਹਿੰਦੇ ਹੋਏ ਆਪਣਾ ਧਰਮ ਪਾਲਦੇ ਹਾਂ, ਆਪਣੇ ਮਾਤਾ-ਪਿਤਾ, ਆਪਣੇ ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ ਬਣਦਾ ਮਾਣ-ਸਤਿਕਾਰ ਦੇ ਰਹੇ ਹਾਂ, ਕਿਧਰੇ ਮਨ ਵਿੱਚ ਇਸ ਨੂੰ ਵਾਧੂ ਦਾ ਪੁਆੜਾ ਤਾਂ ਨਹੀਂ ਸਮਝ ਰਹੇ? ਕੀ ਬੱਚਿਆਂ ਪ੍ਰਤੀ ਜਾਂ ਉਨ੍ਹਾਂ ਦੇ ਭਵਿੱਖ ਪ੍ਰਤੀ ਚਿੰਤਾਵਾਨ ਹੁੰਦੇ ਹੋਏ ਵੀ ਚਿੰਤਾ ਮੁਕਤ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫੇਰ ਇੱਥੇ ਵੀ ਲੋਕ ਦਿਖਾਵਾ ਕਰਕੇ ਹੀ ਬੁੱਤਾ ਸਾਰਨਾ ਚਾਹੁੰਦੇ ਹਾਂ। ਕੀ ਅਸੀਂ ਬ੍ਰਾਹਮਣੀ ਮੱਤ ਵਲੋਂ ਸਿਰਜੇ ਜਾਤ ਪਾਤ ਵਾਲੇ ਅਣਮਨੁੱਖੀ, ਦੰਭੀ ਅਤੇ ਵਿਤਕਰੇ ਭਰੀ, ਮਨੁੱਖਾਂ ਨੂੰ ਹੀਣੇ ਕਰਨ ਵਾਲੀ ਸੋਚ ਤੋਂ ਖਹਿੜਾ ਛੁਡਵਾ ਲਿਆ ਹੈ? ਜੇ ਨਹੀਂ ਤਾਂ ਫੇਰ ਆਪਣੀ ਸੋਚ ਦੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਯਤਨ ਕਰੀਏ ਤੇ ਬਾਬੇ ਦੀ ਸਿੱਖਿਆ ਦੇ ਗਜ਼ ਨਾਲ ਆਪਣੇ ਅਮਲ ਪਰਖੀਏ। ਜੇ ਊਣੇ ਹੋਈਏ ਤਾਂ ਆਪਣੇ ਆਪ ਤੇ ਆਪਣੇ ਅਮਲਾਂ ਨੂੰ ਸੁਧਾਰਨ ਦਾ ਯਤਨ ਕਰੀਏ।
ਅੱਜ ਦੇ ਸਾਡੇ ਸਮਾਜਿਕ ਰਿਸ਼ਤੇ ਬਹੁਤ ਹੀ ਗੰਧਲੇ ਹੋ ਗਏ ਹਨ। ਜਾਇਦਾਦਾਂ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਜਾਂ ਹਊਮੈਂ ਖਾਤਰ ਭੈਣਾਂ-ਭਰਾਵਾਂ ਦੇ ਝਗੜੇ ਵੇਲੇ ਸਾਨੂੰ ਕਿਉਂ ਯਾਦ ਨਹੀਂ ਆਉਂਦਾ ਬੇਬੇ ਨਾਨਕੀ ਤੇ ਬਾਬੇ ਨਾਨਕ ਦਾ ਪਿਆਰ ਤੇ ਸਤਿਕਾਰ ਭਰਿਆ ਰਿਸ਼ਤਾ। ਇਸੇ ਹੀ ਤਰ੍ਹਾਂ ਜਦੋਂ ਨਿੱਤ ਦਿਨ ਸੱਸ-ਨੂੰਹ ਅਤੇ ਨਣਦ-ਭਰਜਾਈ ਦੇ ਰਿਸ਼ਤੇ ਦੀਆਂ ਗੁੰਝਲਾਂ ਭਰੀਆਂ ਕਹਾਣੀਆਂ ਸੁਣਦੇ ਹਾਂ ਤਾਂ ਕਿਉਂ ਸਾਨੂੰ ਨਹੀਂ ਚੇਤਾ ਆਉਂਦਾ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਜੋ ਨਣਦ-ਭਰਜਾਈ ਵੀ ਸਨ ਪਰ ਅਸਲ ਵਿੱਚ ਭੈਣਾਂ ਵਰਗਾ ਮੋਹ ਭਰਿਆ ਰਿਸ਼ਤਾ ਨਿਭਾਉਂਦੀਆਂ ਰਹੀਆਂ ਹਨ, ਜਦੋਂ ਬਾਬਾ ਨਾਨਕ ਦਾ ਸਹੁਰਾ ਪਰਿਵਾਰ ਸੁਲੱਖਣੀ ਬਾਰੇ ਫਿਕਰਮੰਦ ਹੋ ਕੇ ਨਾਨਕ ਦੇ ਪਰਿਵਾਰ ਨੂੰ ਆਪਣੀ ਧੀ ਬਾਰੇ ਫਿਕਰਮੰਦੀ ਬਾਰੇ ਕੁੱਝ ਆਖਦਾ ਹੈ ਤਾਂ ਬੇਬੇ ਨਾਨਕੀ ਹੀ ਸੁਲੱਖਣੀ ਬਾਰੇ ਉਨ੍ਹਾਂ ਨੂੰ ਬੇਫਿਕਰੇ ਹੋਣ ਦੀ ਆਖਦੀ ਹੈ। ਕੀ ਨਾਨਕ ਨਾਮ ਲੇਵਿਆਂ ਵਾਲੇ ਪਰਿਵਾਰਾਂ ਦੇ ਲੋਕ ਅੱਜ ਦੀਆਂ ਨਣਦਾਂ ਤੇ ਭਰਜਾਈਆਂ ਲਈ ਬੇਬੇ ਨਾਨਕੀ ਤੇ ਸੁਲੱਖਣੀ ਦੇ ਰਿਸ਼ਤੇ ਨੂੰ ਆਪਣਾ ਆਦਰਸ਼ ਨਹੀਂ ਬਣਾ ਸਕਦੀਆਂ? ਇਹ ਸਾਂਝਾਂ ਤੇ ਮੋਹ ਭਰਿਆ ਚਿੰਤਾ ਮੁਕਤ ਜੀਵਨ ਦਾ ਰਾਹ ਹੈ ਫੇਰ ਕਿਉਂ ਨਾ ਅਪਣਾਇਆ ਜਾਵੇ? ਕਿਉਂ ਨਾ ਅਜਿਹੀ ਸੋਚ ਦੇ ਲੜ ਲੱਗਿਆ ਜਾਵੇ? ਇਸੇ ਤਰ੍ਹਾਂ ਮਾਤਾ ਤ੍ਰਿਪਤਾ ਤੇ ਸੁਲੱਖਣੀ ਦਾ ਸੱਸ ਨੂੰਹ ਵਾਲਾ ਰਿਸ਼ਤਾ ਵੀ ਸਾਡੇ ਸਮਾਜ ਵਿੱਚ ਸੱਸਾਂ ਬਣਨ ਵਾਲੀਆਂ ਬੀਬੀਆਂ ਨੂੰ ਕਿਉਂ ਚੇਤੇ ਨਹੀਂ ਆਉਂਦਾ? ਇਹਦੇ ਵਿੱਚ ਭਲਾਂ ਔਕੜ ਕੀ ਹੈ? ਕਿਉਂ ਸਾਨੂੰ ਨਿੱਤ ਪੜ੍ਹਨ ਨੂੰ ਮਿਲਦਾ ਹੈ ਸੱਸ ਵਲੋਂ ਨੂੰਹ ਉੱਤੇ ਹੁੰਦੇ ਜ਼ੁਲਮ ਬਾਰੇ ਜਾਂ ਫੇਰ ਨਣਾਨ ਵਲੋਂ ਭਰਜਾਈ ਨਾਲ ਹੁੰਦੇ ਵਿਤਕਰੇ ਬਾਰੇ। ਕੀ ਹੈ ਇਹ ਸੋਚੀਏ ਤਾਂ ਸਹੀ ਕਿ ਅਸੀਂ ਕਿਹੜੇ ਰਾਹ ਪਏ ਹੋਏ ਹਾਂ? ਕੀ ਇਹ ਬਾਬੇ ਨਾਨਕ ਦੇ ਰਾਹ ਨੂੰ ਨਕਾਰਨ ਵਾਲਾ ਰਾਹ ਤਾਂ ਨਹੀਂ? ਸੋਚੀਏ ਤਾਂ ਸਹੀ।
ਬਾਬੇ ਨਾਨਕ ਦੀ ਸੋਚ ਨੂੰ ਅਪਨਾਉਣ ਵਾਲੇ ਸੱਚ ਦਾ ਸਾਥ ਦਿੰਦੇ ਹਨ ਪਰ ਅੱਜ ਸਾਡੇ ਸਮਾਜ ਦੀ ਖਾਸ ਕਰਕੇ ਧਾਰਮਿਕ ਪੱਧਰ 'ਤੇ ਅਗਵਾਈ ਕਰਨ ਵਾਲਿਆਂ ਵਿਚੋਂ ਬਹੁਤੇ ਆਪ ਬਾਬੇ ਨਾਨਕ ਦੀ ਸੋਚ ਨਾਲ ਨਹੀਂ ਜੁੜੇ ਹੋਏ। ਜੇ ਉਨ੍ਹਾਂ ਨੂੰ ਆਪਣੇ ਸਵਾਰਥਾਂ ਖਾਤਰ ਇਹ ਕੁੱਝ ਕਰਨ ਵਾਲੇ ਭੇਖੀ ਜਾਂ ਦੰਭੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ? ਅਜਿਹੇ ਲੋਕਾਂ ਨੇ ਮਨੁੱਖਾਂ ਵਿੱਚ ਬ੍ਰਾਮਣੀ ਮੱਤ ਦੀ ਤਰਕ ਵਿਹੂਣੀ ਸੋਚ ਵਲੋਂ ਜਾਤ-ਪਾਤ ਉਤੇ ਅਧਾਰਤ ਪਾਈਆਂ ਵੰਡੀਆਂ ਮਿਟਣ ਨਹੀਂ ਦਿੱਤੀਆਂ । ਸਿਤਮ ਇੱਥੋਂ ਤੱਕ ਕਿ ਇਨ੍ਹਾਂ ਨੇ ਤਾਂ ਗੁਰੂ ਦੇ ਘਰ ਵੀ ਜਾਤ-ਪਾਤ ਦੇ ਅਧਾਰ ਉਤੇ ਵੰਡ ਲਏ, ਇਹ ਹੋਇਆ ਵੀ ਜਾਤ ਅਭਿਮਾਨੀਆਂ ਦੀ ਘਟੀਆ ਮਾਨਸਿਕਤਾ ਕਰਕੇ, ਅਫਸੋਸ ਕਿ ਅਜਿਹੇ ਲੋਕ ਆਪਣੇ ਆਪ ਨੂੰ ਬਾਬੇ ਨਾਨਕ ਦੇ ਨਾਮ ਲੇਵਾ ਵੀ ਆਖਦੇ ਹਨ। ਕੀ ਅਜਿਹੇ ਵਿਤਕਰੇ ਭਰਪੂਰ ਜੀਵਨ ਜੀਅ ਰਹੇ ਲੋਕਾਂ ਨੂੰ ਬਾਬੇ ਨਾਨਕ ਦੀ ਸੋਚ ਦੇ ਵਾਰਿਸ ਕਿਹਾ ਜਾ ਸਕਦਾ ਹੈ ? ਬਿਲਕੁਲ ਨਹੀਂ। ਕਦੇ ਵੀ ਨਹੀਂ !!
ਚਾਨਣ ਦੀ ਲੋਅ ਗਿਆਨ ਬਣ ਪਸਰੀ। ਅਗਿਆਨ ਦੀ ਧੁੰਦ ਸਹਿਜੇ ਸਹਿਜੇ ਘਟਣ ਲੱਗੀ। ਦੂਜਿਆਂ ਦਾ ਹੱਕ ਮਾਰ ਕੇ ਜਿਊਣ ਵਾਲੇ ਮਲਕ ਭਾਗੋ ਨੂੰ ਫਿਟਕਾਰਿਆ ਅਤੇ ਹੱਕ ਹਲਾਲ ਦੀ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਸਤਿਕਾਰਿਆ ਅਤੇ ਉੱਚਾ ਦਰਸਾਇਆ। ਬਾਬੇ ਨਾਨਕ ਨੇ ਮਲਕ ਭਾਗੋ ਵਲੋਂ ਜਬਰ-ਜ਼ਲਮ ਅਤੇ ਠੱਗੀ ਦੇ ਜ਼ੋਰ ਉਤੇ ਇਕੱਠੇ ਕੀਤੇ ਮਾਹਲ-ਪੂੜਿਆਂ ਨੂੰ ਲੱਤ ਮਾਰ ਕੇ ਭਾਈ ਲਾਲੋ ਵਲੋਂ ਦਸਾਂ ਨੌਹਾਂ ਦੀ ਸੁੱਚੀ ਕਿਰਤ ਕਰ ਕੇ ਕਮਾਈ ਕੋਧਰੇ ਦੀ ਰੋਟੀ ਨੂੰ ਭਾਗ ਲਾਏ। ਲੁੱਟ ਦਾ ਮਾਲ ਛਕਣ ਵਾਲੇ ਅਤੇ ਕਿਰਤ ਕਰ ਕੇ ਖਾਣ ਵਾਲਿਆਂ ਦੇ ਫਰਕ ਨੂੰ ਦਰਸਾਇਆ, ਕਿਰਤ ਅਤੇ ਕਿਰਤੀ ਦੋਹਾਂ ਨੂੰ ਵਡਿਆਇਆ ਤੇ ਸਤਿਕਾਰਿਆ।
ਕਦੇ ਵੀ ਹੱਥੀਂ ਡੱਕਾ ਭੰਨ ਕੇ ਦੂਹਰਾ ਨਾ ਕਰਨ ਵਾਲੇ ਆਪੇ ਬਣੇ ਅੱਜ ਦੇ "ਮਹਾਂਪੁਰਸ਼'' ਲੋਕਾਂ ਨੂੰ ਸੱਚੀ ਕਿਰਤ ਕਰਨ ਦਾ ਸੁਨੇਹਾ ਦਿੰਦੇ ਫਿਰਦੇ ਹਨ। ਮੱਤਾਂ ਦਿੰਦੇ ਫਿਰਦੇ ਇਹ ਐਸ਼ ਧਾਰੀ ਸਾਧ-ਸੰਤ ਪਰ ਆਪ ਇਸ ਅਮਲ ਤੋਂ ਸੱਖਣੇ ਹਨ ਬਿਲਕੁੱਲ ਕੋਰੇ। ਸਗੋਂ ਆਪ ਰਾਜਿਆਂ-ਰਜਵਾੜਿਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ, ਮਹੱਲਾਂ ਵਰਗੇ ਆਪਣੇ ਡੇਰੇ ਉਸਾਰਦੇ ਹਨ। ਆਪਣਿਆਂ ਡੇਰਿਆਂ ਵਿੱਚ ਹੀ ਆਪਣੇ ਜਾਤੀ ਸੇਵਾਦਾਰ ਰੱਖਦੇ ਹਨ। ਇਹ ਨਾਮ ਜਪਾਉਣ ਵਾਲੇ ਨਹੀਂ ਮਹਿੰਗੇ ਭਾਅ ਨਾਮ ਵੇਚਣ ਵਾਲੇ ਹਨ। ਗੁਰੂ ਬਾਬਾ ਨਾਨਕ ਗਿਆਨ ਵੰਡਣ ਤੁਰੇ ਉਦਾਸੀਆਂ ਦੇ ਰੂਪ ਵਿੱਚ ਸਫਰ ਕਰਦੇ ਆਪਣੇ ਸਾਥੀ ਮਰਦਾਨੇ ਨਾਲ ਦੂਰ-ਦੁਰਾਡੇ ਤੱਕ ਪਹੁੰਚੇ। ਜਿੱਥੇ ਵੀ ਗਏ ਲੋਕਾਂ ਨੂੰ ਸੰਵਾਦ ਰਾਹੀਂ ਵਿਚਾਰ ਦੇ ਲੜ ਲਾਉਣ ਦਾ ਯਤਨ ਕੀਤਾ। ਸੂਝ ਵਿਹੁਣੇ ਲੋਕਾਂ ਦੇ ਹਨੇਰੇ ਮਨਾਂ ਵਿੱਚ ਸੂਝ ਦੇ ਗਿਆਨ ਦੇ ਦੀਵੇ ਬਾਲੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਦੂਰ-ਦੁਰਾਡੇ ਤੱਕ ਪਹੁੰਚਾਉਣ ਵਾਸਤੇ ਸੰਸਾਰ-ਯਾਤਰਾ ਆਰੰਭ ਕੀਤੀ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਬਾਬੇ ਨਾਨਕ ਵਲੋਂ ਕੀਤੀਆਂ ਉਦਾਸੀਆਂ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ :-
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1:24)
ਇਨ੍ਹਾਂ ਉਦਾਸੀਆਂ ਬਾਰੇ ਦਾ ਥੋੜਾ ਜਿਹਾ ਵੇਰਵਾ- ਜੋ ਗੁਰਮਤ ਪ੍ਰਕਾਸ਼ ਵਿਚੋਂ ਧੰਨਵਾਦ ਸਹਿਤ ਲਿਆ ਹੈ :-
ਪਹਿਲੀ ਉਦਾਸੀ ਜੋ ਪੂਰਬ ਵਾਲੀ ਉਦਾਸੀ ਕਹੀ ਜਾਂਦੀ ਹੈ
ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਪਹਿਲੀ ਉਦਾਸੀ ਦਾ ਸਮਾਂ 8 ਸਾਲ ਦਾ ਬਣਦਾ ਹੈ ਸੰਨ 1507 ਤੋਂ 1515 ਈ. ਤਕ । ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਤੈਅ ਕੀਤਾ। ਇਸ ਉਦਾਸੀ ਵਿਚ ਬਾਬਾ ਨਾਨਕ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥੁਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ,ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ 'ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।
ਇੱਥੇ ਚੇਤੇ ਰੱਖਣ ਵਾਲੀ ਗੱਲ ਹੈ ਕਿ ਜਗਨਨਾਥ ਪੁਰੀ ਦੇ ਮੰਦਰਾਂ ਵਿਚ ਜਦੋਂ ਬਾਬੇ ਨੇ ਆਰਤੀਆਂ ਹੁੰਦੀਆਂ ਦੇਖੀਆਂ ਤਾਂ ਆਪ ਨੇ ਆਰਤੀ ਲਿਖੀ :
ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ ॥ 1॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ
ਦੂਜੀ ਉਦਾਸੀ ਉੱਤਰ ਦੀ
ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰੂ ਜੀ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ।
ਭਾਈ ਗੁਰਦਾਸ ਜੀ ਦਾ ਕਥਨ ਹੈ:-
ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।
(ਵਾਰ 1:28)
ਸਬਦਿ ਜਿਤੀ ਸਿਧਿ ਮੰਡਲੀ...। (ਵਾਰ 1:31)
ਤੀਜੀ ਉਦਾਸੀ ਪੱਛਮ ਵਲ ਕੀਤੀ
ਤੀਜੀ ਉਦਾਸੀ (ਸੰਨ 1518 ਤੋਂ 1521) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ।
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:-
ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1:32)
ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ।
ਇਸ ਫੇਰੀ ਵਿਚ ਬਾਬਾ ਨਾਨਕ ਜੀ ਦੇ ਜਿਹੜੇ ਚਿਤਰ ਮਿਲਦੇ ਹਨ, ਉਨ੍ਹਾਂ ਵਿਚ ਬਾਬਾ ਨਾਨਕ ਨੇ ਸੇਲੀ ਟੋਪੀ ਪਹਿਨੀ ਹੋਈ ਹੁੰਦੀ ਹੈ। ਇਹ ਗੱਲ ਸੁਭਾਵਕ ਹੀ ਲਗਦੀ ਹੈ ਕਿਉਂਕਿ ਮੱਕਾ ਜਾਂ ਮਦੀਨਾ ਜਾਣ ਦੀ ਇਜਾਜ਼ਤ ਵੀ ਸਿਰਫ ਮੁਸਲਮਾਨਾਂ ਨੂੰ ਹੀ ਸੀ ਉਹੋ ਜਿਹਾ ਰੂਪ ਧਾਰਨਾ ਕੋਈ ਅਲੋਕਾਰ ਗੱਲ ਨਹੀਂ ਲਗਦੀ।
ਇਸ ਫੇਰੀ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ:-
ਭਾਈ ਗੁਰਦਾਸ ਜੀ ਨੇ ਬਾਲੇ ਵਾਲਾ ਭੁਲੇਖਾ ਵੀ ਕੱਢਿਆ ਹੈ ਜਦੋਂ ਉਹ ਲਿਖਦੇ ਹਨ
ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ
ਮਰਦਾਨਾ। (ਵਾਰ 1:35)
ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ 'ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ' ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਕਿਹਾ ਜਾਂਦਾ ਹੈ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿਚ ਕੀਤਾ।
ਬਾਬਰ ਦੇ ਹਮਲੇ ਵੇਲੇ ਸੱਚੇ ਕਹੇ ਜਾਂਦੇ ਸਿਰਜਣਹਾਰ ਨੂੰ ਵੀ ਮਿਹਣਾ ਮਾਰਦਿਆਂ ਆਖਿਆ ਸੀ :-
ਖੁਰਾਸਾਨ ਖਸਮਾਨਾ ਕੀਆ
ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨਾ ਦੇਈ ਕਰਤਾ
ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕੁਰਲਾਣੈ
ਤੈ ਕੀ ਦਰਦੁ ਨ ਆਇਆ ॥
----
ਕਲਿ ਕਾਤਿ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ ॥
ਉਸ ਸਮੇਂ ਜਿਹੜੇ ਬ੍ਰਾਹਮਣ (ਪੰਡਿਤ) ਤੇ ਮੌਲਵੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰ ਵਿਚ ਪਾ ਕੇ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਅਤੇ ਲੋਕਾਂ ਨੂੰ ਰੱਬ ਨਾਲ ਮੇਲਣ ਦੀ ਦਲਾਲੀ ਕਰਨ ਦਾ ਦੰਭ ਰਚਦੇ ਸਨ, ਬਾਬੇ ਨਾਨਕ ਨੇ ਉਨ੍ਹਾਂ ਨੂੰ ਕਾਫਰ ਕਹਿੰਦੇ ਹੋਏ ਭੰਡਿਆ :-
ਕੂੜੁ ਬੋਲਿ ਮੁਰਦਾਰੁ ਖਾਇ ॥
ਅਵਰੀ ਨੋ ਸਮਝਾਵਣਿ ਜਾਇ॥
ਜਿਹੜੇ ਪਖੰਡੀ ਆਪਣੇ ਆਪ 'ਚ ਗਿਆਨਵਾਨ ਹੋਣ ਦਾ ਦਾਅਵਾ ਕਰਦੇ ਸਨ, ਪਰ ਕਿਰਤ ਕਰਨ ਤੋਂ ਮੰਗਣਾਂ ਬੇਹਤਰ ਸਮਝਦੇ ਸਨ। ਅਸਲੀ ਜੀਵਨ ਤੋਂ ਭੱਜ ਰਹੇ ਸਨ, ਉਨ੍ਹਾਂ ਨੂੰ ਦੁਰਕਾਰਿਆ, ਫਿਟਕਾਰਿਆ ਅਤੇ ਸੌ ਸੌ ਲਾਹਨਤਾਂ ਪਾਉਂਦਿਆਂ ਕਿਹਾ ਸੀ :-
ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਪਰ ਅੱਜ ਦਾ ਇਹ ਐਸ਼ ਭੋਗਦਾ ਸਾਧ ਲਾਣਾ ਆਪਣੀਆਂ ਮਹਿੰਗੀਆਂ ਯਾਤਰਾਵਾਂ ਰਾਹੀਂ ਧਨ ਇਕੱਠਾ ਕਰਨ ਹੀ ਨਿਕਲਦਾ ਹੈ। ਦੂਰ-ਦੁਰਾਡੇ ਤੱਕ ਕੀਤੇ ਸਫਰਾਂ ਨਾਲ ਮਾਲਾ-ਮਾਲ ਹੋ ਕੇ ਮੁੜਦੇ ਹਨ ਇਹ ਅੱਜ ਦੇ ਬਾਬੇ। ਸੋਚੋ ਤਾਂ ਸਹੀ ਕੀ ਅਜਿਹੇ ਲੋਕ ਸਾਡੇ ਸਮਾਜ ਦੇ ਆਦਰਸ਼ ਬਣ ਸਕਦੇ ਹਨ। ਨਹੀਂ ਇਹ ਬਾਬੇ ਦੇ ਨਾਂ ਤੇ ਸਿਰਫ ਸੁਆਹ ਵੇਚ ਕੇ ਸਾਡੇ ਘਰਾਂ ਦਾ ਸੋਨਾ ਲੁੱਟ ਕੇ ਲੈ ਜਾਂਦੇ ਹਨ। ਇਨ੍ਹਾਂ ਦਾ ਰਾਹ ਬਾਬੇ ਨਾਨਕ ਦਾ ਰਾਹ ਨਹੀਂ। ਇਸ ਪਾਸਿਉਂ ਸੁਚੇਤ ਹੋ ਕੇ ਸਾਡੇ ਸਮਾਜ ਨੂੰ ਆਪਣੇ ਮਨਾਂ ਦੇ ਹਨੇਰੇ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਆਪਣੇ ਮੱਥਿਆਂ ਦੀ ਕਾਰ ਸੇਵਾ ਕਰਕੇ ਆਪਣੇ ਮੱਥਿਆਂ ਨੂੰ ਨਿਰਮਲ ਕਰਨ ਦਾ ਯਤਨ ਕਰੀਏ ਤਾਂ ਕਿ ਸਾਨੂੰ ਕਾਲੇ ਚਿੱਟੇ ਦਾ ਫਰਕ ਨਜ਼ਰ ਆ ਸਕੇ, ਸੋਚੀਏ ਤਾਂ ਸਹੀ। ਬਾਣੀ ਵੀ ਮੱਤ ਦਿੰਦੀ ਹੈ ਸੁਣੋ ਤਾਂ ਸਹੀ :-
ਮੂਰਖੈ ਸੰਗ ਨਾ ਲੂਝੀਐ ਪੜ ਅੱਖਰ ਆਪੈ ਬੂਝੀਐ
ਸੋਚੀਏ ਤਾਂ ਸਹੀ ਜਿਸ ਬਾਬੇ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸਿਧਾਂਤ ਦਿੱਤਾ, ਕਿਸੇ ਨੂੰ ਵੀ ਬੇਗਾਨਾ ਨਾ ਸਮਝਿਆ ਉਸਦੇ ਬਹੁਗਿਣਤੀ ਪੈਰੋਕਾਰ ਕਿਵੇਂ ਵਿਹਲੜਾਂ ਦੇ ਦਰ ਮੱਥੇ ਰਗੜੀ ਜਾਂਦੇ ਹਨ। ਬਾਬੇ ਨਾਨਕ ਨੇ ਸੁੱਚੀ-ਸੱਚੀ ਅਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਮਾਣ ਬਖਸ਼ਿਆ ਪਰ ਅੱਜ ਉਸ ਲਾਲੋ ਦੇ ਭਾਈਵੰਦਾਂ ਨੂੰ ਨੀਚ ਕਹਿ ਕੇ ਉਨ੍ਹਾਂ ਦੀ ਦੁਰਗਤ ਕੀਤੀ ਜਾਂਦੀ ਹੈ, ਕਿਉਂ ? ਆਖਰ ਕਿਉਂ??? ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਲੋਕਾਂ ਤੋਂ ਬਿਨਾਂ ਕੌਣ ਕੱਢਦਾ ਹੈ ਦਸਵੰਧ ਕਿਸੇ ਹੋਰ ਵਾਸਤੇ ? ਇਹ ਹੀ ਵੰਡ ਛਕਣ ਦਾ ਅਸੂਲ ਅਪਣਾਉਂਦੇ ਹਨ। ਮਲਕ ਭਾਗੋ ਦੇ ਯਾਰ ਅੱਜ ਵੀ ਸਮਾਜ ਅਤੇ ਬਹੁਤੇ ਥਾਵੀਂ ਧਰਮ ਉਤੇ ਵੀ ਕਾਬਜ਼ ਹਨ। ਧਾਰਮਿਕ ਅਸਥਾਨਾਂ ਅੰਦਰ ਹੁੰਦੇ ਝਗੜੇ ਇਸ ਦੀ ਮੂੰਹੋਂ ਬੋਲਦੀ ਤਸਵੀਰ ਹਨ। ਨਾਨਕ ਦਾ ਰਾਹ ਸੱਚੇ -ਸੁੱਚੇ ਜੀਵਨ ਦਾ ਹੋਕਾ ਦਿੰਦਾ ਹੈ। ਪਰ ਕੀ ਅਸੀਂ ਉਸ ਸੱਚ ਦੇ ਲੜ ਲੱਗਣ ਜੋਗੇ ਹੋ ਗਏ ਹਾਂ ? ਕੀ ਅੱਜ ਦੇ ਸੱਜਣ ਠੱਗ ਸਾਡੇ ਸਮਾਜ ਦੀ ਅਗਵਾਈ ਕਰਦੇ ਸਾਨੂੰ ਨਜ਼ਰ ਨਹੀਂ ਆਉਂਦੇ? ਵੰਡੇ ਹੋਏ ਮਨਾਂ ਨੂੰ ਜੋੜਨਾ ਹੀ ਨਾਨਕ ਦੀ ਸਿੱਖਿਆ ਹੈ, ਅਸੀਂ ਇਸ ਰਾਹੇ ਪੈਂਦੇ ਕਿਉਂ ਨਹੀਂ? ਜਾਂ ਸਵਾਲ ਹੈ ਕਦੋਂ ਪਵਾਂਗੇ??
ਅਸੀਂ ਸਾਰੇ ਹੀ ਗੁਰੂਆਂ ਵਲੋਂ ਜਾਤ-ਪਾਤ ਖਤਮ ਕਰਨ ਦੇ ਬੜੇ ਪ੍ਰਵਚਨ ਸੁਣਦੇ-ਸੁਣਾਉਂਦੇ ਹਾਂ - ਪਰ ਆਪ ਅਸੀਂ ਇਸ ਬਾਰੇ ਕੋਈ ਯਤਨ ਨਹੀਂ ਕਰਦੇ - ਜੇ ਇਸ ਕੋਹੜ ਨੂੰ ਖਤਮ ਕਰਨਾ ਹੈ ਤਾਂ ਇਹ ਵੀ ਆਪਣੇ ਆਪ ਤੋਂ ਹੀ ਸ਼ੁਰੂ ਕਰਨਾ ਪਵੇਗਾ। ਪਹਿਲਾਂ ਆਪਣੇ ਮਨਾਂ ਵਿੱਚ ਝਾਕੀਏ, ਅੰਦਰ ਪਿਆ ਗੰਦ ਹੂੰਝ ਕੇ ਬਾਹਰ ਸੁੱਟਣ ਦਾ ਯਤਨ ਕਰੀਏ ਤੇ ਦੇਖੀਏ ਕਿ ਅਸੀਂ ਕਿਹੜੇ ਰਾਹ ਤੁਰ ਰਹੇ ਹਾਂ। ਆਓ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਸੱਚ ਦੇ ਰਾਹ ਵਾਲੇ ਪਾਂਧੀ ਬਣੀਏ। ਅਸੀਂ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਦੱਸਣ ਦਾ ਭਰਮ ਪਾਲ਼ਦੇ ਹਾਂ ਪਰ ਦੇਖੋ ਤਾਂ ਸਹੀ ਕਿ ਬਾਬਾ ਨਾਨਕ ਨੇ ਸਾਨੂੰ ਆਪਣਾ ਰਾਹ ਸਪੱਸ਼ਟ ਕਰਦਿਆਂ ਕੀ ਕਿਹਾ ਸੀ ਕਿ :
ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂੰ ਅਤਿ ਨੀਚ
ਨਾਨਕ ਤਿਨ ਕੇ ਸੰਗਿ ਸਾਥ ਵੱਡਿਆਂ ਸਿਉ ਕਿਆ ਰੀਸ॥
ਇਹ ਸੁਣਨ ਤੋਂ ਬਾਅਦ ਤਾਂ ਸਭ ਨੂੰ ਸਮਝ ਪੈ ਹੀ ਜਾਣੀ ਚਾਹੀਦੀ ਹੈ ਕਿ ਬਾਬਾ ਕਿਹੜੇ ਪਾਸੇ ਖੜ੍ਹਦਾ ਹੈ ਫੇਰ ਸਾਡਾ ਰਾਹ ਤੇ ਸਾਡੇ ਰਾਹ ਦੇ ਸੰਗੀ ਸਾਥੀ ਕੌਣ ਹਨ। ਜੇ ਅਸੀਂ ਨਾਨਕ ਦੇ ਰਾਹ ਨੂੰ ਅਪਨਾਉਣਾ ਹੈ ਤਾਂ ਔਕੜਾਂ ਜ਼ਰੂਰ ਆਉਣਗੀਆਂ ਪਰ ਅਸੀਂ ਆਪਣੇ ਫਰਜ਼ਾਂ ਦੇ ਲੜ ਲੱਗੇ ਬਿਨਾਂ ਸੁਰਖਰੂ ਨਹੀਂ ਹੋ ਸਕਦੇ। ਜ਼ਿੰਦਗੀ ਨੂੰ ਸੌਖਿਆਂ ਅਤੇ ਸੁਰਖਰੂ ਕਰਨ ਦਾ ਇਹ ਹੀ ਰਾਹ ਹੈ।
ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਤੇ ਹਰ ਕਿਸੇ ਨੂੰ ਚੰਗਾ ਜੀਵਨ ਬਿਤਾਉਣ ਦਾ ਸੁਨੇਹਾ ਦਿੰਦੇ ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ :-
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਭਾਈ ਲਹਿਣਾ ਜੀ ਆਪ ਦੇ ਹੋ ਕੇ ਰਹਿ ਗਏ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ।
ਕੋਸ਼ਿਸ਼ ਕਰਨੀ ਚਹੀਦੀ ਹੈ ਕਿ ਸੱਚ ਦੇ ਰਾਹ ਪਈਏ, ਬਾਬੇ ਨਾਨਕ ਦੀਆਂ ਜੀਵਨ ਸੁਆਰਦੀਆਂ ਸਮਝੌਤੀਆਂ ਦੇ ਲੜ ਲੱਗੀਏ, ਚੰਗੇ ਜੀਵਨ ਦੀ ਜੁਗਤ ਕਿ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਸਾਡੀ ਮਾਂ ਬੋਲੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਜੀ ਇਉਂ ਦੱਸਦੇ ਹਨ :
ਜੇ ਤੂ ਅਕਲਿ ਲਤੀਫ ਕਾਲੇ ਲਿਖ ਨਾ ਲੇਖੁ
ਆਪਿਨੜੈ ਗਿਰਿਵਾਨ ਮੈ ਸਿਰ ਨੀਵਾ ਕਰ ਦੇਖੁ ॥
ਅੱਜ ਸਾਡਾ ਕੀ ਹਾਲ ਹੈ - ਵਿਹਲੜ ਵੀ ਆਪਣੇ ਆਪ ਨੂੰ ਸੰਤ ਆਖੀ ਜਾ ਰਹੇ ਹਨ- ਅਜਿਹੇ ਇਨ੍ਹਾਂ ਨਕਲੀ ਸਾਧਾਂ-ਸੰਤਾਂ ਦੇ ਵੱਗ ਤੁਰੇ ਫਿਰਦੇ ਹਨ- ਮਾਫ ਕਰਨਾ ਵੱਗ ਸ਼ਬਦ ਆਮ ਕਰਕੇ ਪਸ਼ੂਆਂ ਲਈ ਰਾਖਵਾਂ ਹੈ - ਪਸ਼ੂਆਂ ਦੇ ਵੱਗ ਹੀ ਆਖੇ ਜਾਂਦੇ ਹਨ - ਪਰ ਜਿਸ ਸਮਾਜ ਜਿਸ ਭਾਈਚਾਰੇ ਕੋਲ ਸਾਧਾਂ ਦੇ ਵੱਗ ਹੋਣ ਉਨ੍ਹਾਂ ਦਾ ਕੀ ਹਾਲ ਹੋ ਸਕਦਾ ਹੈ ਇਹ ਸਭ ਨੇ ਰਲ ਕੇ ਸੋਚਣਾ ਹੈ।
ਆਉ ਯਤਨ ਕਰੀਏ ਆਪਣੇ ਮਨ ਅੰਦਰ ਝਾਕਣ ਦਾ ਅਤੇ ਆਪਣੇ ਜੀਵਨ ਨੂੰ ਬਾਬੇ ਵਲੋਂ ਦਿੱਤੀ ਸੋਚ ਧਾਰਾ ਉਤੇ ਸੁਚੱਜੀ ਜੀਵਨ ਜਾਚ ਅਤੇ ਜੀਵਨ ਜੁਗਤ ਨਾਲ ਜੋੜਨ ਦਾ।
- ਕੇਹਰ ਸ਼ਰੀਫ਼