ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਸਮਰਾਲਾ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਸਕੂਲ ਤੋਂ ਪਰਤ ਰਹੇ 15 ਸਾਲਾ ਬੱਚੇ ਦੇ ਗਲੇ ‘ਚ ਚਾਈਨਾ ਡੋਰ ਫਸਣ ਕਾਰਣ ਮੌਤ ਹੋ ਗਈ ਹੈ। ਮ੍ਰਿਤਕ ਤਰਨਜੋਤ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੰਜਾਬ ‘ਚ ਪਾਬੰਦੀ ਦੇ ਬਾਵਜੂਦ ਵੀ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ। ਜਿਸ ਕਾਰਣ ਇਹ ਦਰਦਨਾਕ ਹਾਦਸੇ ਵਾਪਰ ਰਹੇ ਹਨ।
ਮ੍ਰਿਤਕ ਦੇ ਦਾਦਾ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਮੋਟਰਸਾਈਕਲ ਲੈ ਕੇ ਸਕੂਲ ਗਿਆ ਸੀ। ਸਕੂਲ ਤੋਂ ਵਾਪਸ ਆਉਂਦੇ ਸਮੇਂ ਪਿੰਡ ਭਰਥਲਾ ਦੇ ਕੋਲ ਉਸ ਦੇ ਗਲੇ ਵਿੱਚ ਚਾਈਨਾ ਡੋਰ ਫਸ ਗਈ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਡੋਰ ਕਾਰਨ ਉਸਦੇ ਦੇ ਗਲੇ ‘ਤੇ ਡੂੰਘਾ ਕੱਟ ਲੱਗ ਗਿਆ ਅਤੇ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਉੱਥੇ ਹੀ ਡਿੱਗ ਪਿਆ। ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ।
ਜਦੋਂ ਇਸ ਘਟਨਾ ਦਾ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹ ਹਸਪਤਾਲ ਪਹੁੰਚੇ, ਜਿੱਥੇ ਮ੍ਰਿਤਕ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁੱਤਰ ਦੀ ਲਾਸ਼ ਦੇਖ ਕੇ ਮਾਂ ਬੇਹੋਸ਼ ਹੋ ਗਈ, ਜਿਸ ਨੂੰ ਬਾਅਦ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ । ਸੂਚਨਾ ਮਿਲਣ ‘ਤੇ ਸਮਰਾਲਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।
ਦਾਦਾ ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਸਮਰਾਲਾ ਵਿੱਚ ਚਾਈਨਾ ਡੋਰ ਸ਼ਰੇਆਮ ਵਿਕ ਰਹੀ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਲੋਕ ਇਸ ਡੋਰ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਚੁੱਕੇ ਹਨ, ਫਿਰ ਵੀ ਇਸ ਨੂੰ ਬੰਦ ਕਰਵਾਉਣ ਲਈ ਕੋਈ ਪੁਖ਼ਤਾ ਕਦਮ ਨਹੀਂ ਚੁੱਕੇ ਜਾ ਰਹੇ।



