ਖਬਰਿਸਤਾਨ ਨੈੱਟਵਰਕ- ਪੰਜਾਬ ਤੋਂ ਰਾਜ ਸਭਾ ਮੈਂਬਰ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪ੍ਰਸਿੱਧ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਚੁਣ ਲਿਆ ਗਿਆ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਚੋਣ ਬਿਨਾਂ ਵਿਰੋਧ ਹੋ ਗਈ। ਗੁਪਤਾ ਨੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਹਾਲਾਂਕਿ ਇੱਕ ਆਜ਼ਾਦ ਉਮੀਦਵਾਰ ਵੱਲੋਂ ਵੀ ਨਾਮਜ਼ਦਗੀ ਦਾਖ਼ਲ ਕੀਤੀ ਗਈ ਸੀ ਪਰ ਚੋਣ ਅਧਿਕਾਰੀਆਂ ਮੁਤਾਬਕ ਉਸਦੇ ਸਿਫ਼ਾਰਸ਼ਕਾਂ ਦੇ ਦਸਤਖ਼ਤ ਜਾਅਲਸਾਜ਼ੀ ਨਾਲ ਤਿਆਰ ਕੀਤੇ ਗਏ ਸਨ, ਜਿਸ ਕਾਰਨ ਉਸ ਦੇ ਕਾਗਜ਼ ਰੱਦ ਕਰ ਦਿੱਤੇ ਗਏ।
ਇਸ ਤਰ੍ਹਾਂ ਸਿਰਫ਼ ਰਾਜਿੰਦਰ ਗੁਪਤਾ ਹੀ ਮੈਦਾਨ ‘ਚ ਰਹਿ ਗਏ ਅਤੇ ਉਨ੍ਹਾਂ ਦੀ ਚੋਣ ਬਿਨਾਂ ਵਿਰੋਧ ਹੋ ਗਈ। ਜਾਣਕਾਰੀ ਅਨੁਸਾਰ ਰਾਜਿੰਦਰ ਗੁਪਤਾ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚੋਂ ਇੱਕ ਹਨ ਅਤੇ ਟੈਕਸਟਾਈਲ ਖੇਤਰ ‘ਚ ਟ੍ਰਾਈਡੈਂਟ ਗਰੁੱਪ ਨੂੰ ਰਾਸ਼ਟਰੀ ਪੱਧਰ ‘ਤੇ ਮਜ਼ਬੂਤ ਸਥਾਨ ਦਿਵਾਉਣ ‘ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ। ਨਾਮਜ਼ਦਗੀ ਪੱਤਰ ਵਾਪਸੀ ਦੀ ਮਿਆਦ ਦੁਪਹਿਰ ਤੱਕ ਸੀ ਅਤੇ ਕੋਈ ਹੋਰ ਉਮੀਦਵਾਰ ਦਾਖ਼ਲ ਨਾ ਹੋਣ ਕਾਰਨ ਰਾਜਿੰਦਰ ਗੁਪਤਾ ਦੀ ਜਿੱਤ ਦਾ ਐਲਾਨ ਸਹੀ ਤੌਰ ‘ਤੇ ਕੀਤਾ ਗਿਆ ਹੈ।