ਖਬਰਿਸਤਾਨ ਨੈੱਟਵਰਕ– ਕਾਂਗਰਸ ਨੂੰ ਇਕ ਵਾਰ ਫਿਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਦੀ ਇਤਰਾਜ਼ਯੋਗ ਵਰਤੋਂ ਵਿਵਾਦ ਮਾਮਲੇ ਵਿਚ 10 ਨਵੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕੀਤਾ ਗਿਆ ਹੈ ਅਤੇ 17 ਨਵੰਬਰ ਨੂੰ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ।
ਡੀ.ਸੀ. ਤੋਂ ਮੰਗੀ ਵਿਸਥਾਰ ਰਿਪੋਰਟ
ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ ਲਈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਭੇਜ ਕੇ 17 ਨਵੰਬਰ ਤੱਕ ਪੂਰੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਰਿਪੋਰਟ ਵਿੱਚ ਘਟਨਾ ਸਬੰਧੀ ਸਾਰੇ ਤੱਥ ਤੇ ਪ੍ਰਮਾਣ ਸ਼ਾਮਲ ਕਰਨ ਲਈ ਕਿਹਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਇਹ ਮਾਮਲਾ ਉਸ ਵੇਲੇ ਸੁਰਖੀਆਂ ’ਚ ਆਇਆ ਜਦੋਂ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਨੂੰ ਕਿਸੇ ਸਿਆਸੀ ਸਮਾਗਮ ਦੌਰਾਨ ਮੰਚ ’ਤੇ ਵਰਤਿਆ ਗਿਆ ਸੀ। ਇਸ ਦੇ ਖ਼ਿਲਾਫ਼ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਸਖ਼ਤ ਵਿਰੋਧ ਜਤਾਇਆ ਗਿਆ ਸੀ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਵਰਤੋਂ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਇਹ ਮਾਮਲਾ ਸਿਰਫ਼ ਸਿਆਸੀ ਨਹੀਂ ਸਗੋਂ ਧਾਰਮਿਕ ਸਨਮਾਨ ਨਾਲ ਜੁੜਿਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਦਾ ਫ਼ੈਸਲਾ ਕੀਤਾ ਜਾਵੇਗਾ।
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇ 17 ਨਵੰਬਰ ਤੱਕ ਰਿਪੋਰਟ ਜਾਂ ਸਬੂਤ ਨਾ ਮਿਲੇ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ, 2004 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਕਿਹਾ ਕਿ ਧਾਰਮਿਕ ਸ਼ਖਸੀਅਤਾਂ ਦੇ ਸਨਮਾਨ ਨਾਲ ਜੁੜੇ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰਾਜਾ ਵੜਿੰਗ ਨੂੰ ਵੀ ਨੋਟਿਸ ਹੋ ਚੁੱਕਾ ਜਾਰੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਕਰ ਕੇ ਰਾਜਾ ਵੜਿੰਗ ਨੂੰ ਵੀ ਕਮਿਸ਼ਨ ਵਲੋਂ ਨੋਟਿਸ ਜਾਰੀ ਹੋ ਚੁੱਕਾ ਹੈ। ਵੜਿੰਗ ਨੂੰ 6 ਨਵੰਬਰ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਦੀ ਥਾਂ ਵਕੀਲਾਂ ਨੇ ਪੇਸ਼ ਹੋ ਕੇ ਸਾਰਾ ਪੱਖ ਰੱਖਿਆ ਸੀ।