ਖ਼ਬਰਿਸਤਾਨ ਨੈੱਟਵਰਕ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ, ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਨਤਕ ਬਹਿਸ ਲਈ ਚੁਣੌਤੀ ਦਿੱਤੀ। ਇਸ ਚੁਣੌਤੀ ਨੂੰ ‘ਆਪ’ ਵੱਲੋਂ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਸਵੀਕਾਰ ਕਰ ਲਿਆ ਸੀ।
ਜਦੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੂੰ ਦੀਪਕ ਬਾਲੀ ਵੱਲੋਂ ਚੁਣੌਤੀ ਸਵੀਕਾਰ ਕਰਨ ਬਾਰੇ ਪੁੱਛਿਆ ਗਿਆ ਤਾਂ ਮਾਹੌਲ ਗਰਮ ਹੋ ਗਿਆ। ਮੰਗਲਵਾਰ ਨੂੰ, ਪ੍ਰਗਟ ਸਿੰਘ ਨੇ ਬਾਲੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਕਿਹਾ ਕਿ ਉਹ ਵਰਕਰਾਂ ( ਕਰਿੰਦਿਆਂ ) ਨਾਲ ਗੱਲ ਨਹੀਂ ਕਰਦੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਇਸ ਸਮੇਂ ਕਿਸਾਨਾਂ ਨਾਲ ਸਾਂਝੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀ ਹੈ।
ਗੋਬਰ ਗੈਸ ਪਲਾਂਟ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ
ਪਰਗਟ ਸਿੰਘ ਨੇ ਡੇਅਰੀ ਕੰਪਲੈਕਸ ਵਿਖੇ ਪ੍ਰਸਤਾਵਿਤ ਬਾਇਓਗੈਸ ਪਲਾਂਟ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਚਾਰਾ ਬਾਜ਼ਾਰ ਨੂੰ ਬੰਦ ਕਰਕੇ ਉੱਥੇ ਬਾਇਓਗੈਸ ਪਲਾਂਟ ਲਗਾਉਣਾ ਚਾਹੁੰਦੀ ਹੈ। ਜੇਕਰ ਸਰਕਾਰ ਗੋਬਰ ਪਲਾਂਟ ਨੂੰ ਨਹੀਂ ਬਦਲਦੀ ਹੈ, ਤਾਂ ਇਸ ਮੁੱਦੇ ‘ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਵਿੱਚ ਕੋਈ ਸਮਝਦਾਰ ਲੀਡਰਸ਼ਿਪ ਨਹੀਂ ਹੈ।
ਡੀਸੀ ਨਾਲ ਗੱਲਬਾਤ ਅਤੇ ਆਤਿਸ਼ੀ ਮਾਮਲੇ ‘ਤੇ ਬਿਆਨ
ਪਰਗਟ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਇਸ ਮਾਮਲੇ ‘ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨਾਲ ਚਰਚਾ ਕਰਨਗੇ। ਆਤਿਸ਼ੀ ਮਾਮਲੇ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਦਿੱਲੀ ਵਿਧਾਨ ਸਭਾ ਨਾਲ ਸਬੰਧਤ ਮਾਮਲਾ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸ ਵਿੱਚ ਲੜ ਰਹੀਆਂ ਹਨ, ਅਤੇ ਕਾਂਗਰਸ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਇਸ ਦੇ ਬਾਵਜੂਦ, ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਦੀਪਕ ਬਾਲੀ ਨੇ ਬਿਆਨ ਦੀ ਨਿੰਦਾ ਕੀਤੀ
ਪਰਗਟ ਸਿੰਘ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਸੀਨੀਅਰ ਪਾਰਟੀ ਨੇਤਾਵਾਂ ਵਿਰੁੱਧ ਵਰਤੀ ਗਈ ਭਾਸ਼ਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੀ ਭਾਸ਼ਾ ਜਨਤਕ ਜੀਵਨ ਵਿੱਚ ਅਸਵੀਕਾਰਨਯੋਗ ਹੈ ਅਤੇ ਪ੍ਰਗਟ ਸਿੰਘ ਦੀ ਰਾਜਨੀਤਿਕ ਸੋਚ ਨੂੰ ਦਰਸਾਉਂਦੀ ਹੈ।
ਖੁੱਲੀ ਡੀਬੇਟ ਦਾ ਦਿੱਤਾ ਸੱਦਾ
ਦੀਪਕ ਬਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸੇ ਵੀ ਆਰਥਿਕ, ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਮੁੱਦੇ ‘ਤੇ ਖੁੱਲ੍ਹੀ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ। ਕਿਸੇ ਵੀ ਚੈਨਲ ਜਾਂ ਪਲੇਟਫਾਰਮ ‘ਤੇ ਬਹਿਸ ਕਰਵਾਈ ਜਾ ਸਕਦੀ ਹੈ।