ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਨਸ਼ਿਆਂ ਖਿਲਾਫ ਤੇ ਇੱਕੋ ਪਿੰਡ ਦੇ ਕੁੜੀ ਮੁੰਡੇ ਦੇ ਵਿਆਹ ਕਰਵਾਉਣ ਤੇ ਅੰਮ੍ਰਿਤਸਰ ਦੀ ਬਲਾਕ ਹਰਸ਼ਾ ਛੀਨਾ ਅਧੀਨ ਆਉਂਦੀ ਨਗਰ ਪੰਚਾਇਤ ਅਦਲੀਵਾਲ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ । ਪਿੰਡ ਦਾ ਮਾਹੌਲ ਠੀਕ ਰੱਖਣ ਲਈ ਕਈ ਸਖ਼ਤ ਫੈਸਲੇ ਲਏ ਹਨ। ਪਿੰਡ ਵਿੱਚ ਆਪਸੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਵਿਆਹ ਨੂੰ ਲੈ ਕੇ ਸਖ਼ਤ ਨਿਯਮ
ਪੰਚਾਇਤ ਦਾ ਕਹਿਣਾ ਹੈ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੀਤੇ ਗਏ ਵਿਆਹਾਂ ਕਾਰਨ ਪਿੰਡ ਵਿੱਚ ਝਗੜੇ ਵਧਦੇ ਹਨ। ਇਸ ਲਈ ਤੈਅ ਕੀਤਾ ਗਿਆ ਹੈ ਕਿ ਜੇਕਰ ਕੋਈ ਲੜਕਾ-ਲੜਕੀ ਆਪਸ ਵਿੱਚ ਵਿਆਹ ਕਰਵਾਉਂਦੇ ਹਨ, ਤਾਂ ਉਨ੍ਹਾਂ ਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇਗਾ। ਭਾਵੇਂ ਮਾਪੇ ਇਸ ਵਿਆਹ ਦੇ ਪੱਖ ਵਿੱਚ ਹੋਣ, ਫਿਰ ਵੀ ਪਿੰਡ ਦੇ ਲੋਕ ਉਨ੍ਹਾਂ ਨਾਲ ਕੋਈ ਮੇਲ-ਮਿਲਾਪ ਨਹੀਂ ਰੱਖਣਗੇ ਅਤੇ ਨਾ ਹੀ ਕਿਸੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੋਣਗੇ।
ਪਿੰਡ ਦੇ ਸਰਪੰਚ, ਪੰਚ ਜਾਂ ਨੰਬਰਦਾਰ ਅਜਿਹੇ ਪਰਿਵਾਰਾਂ ਦੇ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਕਾਗਜ਼ ‘ਤੇ ਦਸਤਖਤ ਨਹੀਂ ਕਰਨਗੇ। ਜੇਕਰ ਕੋਈ ਲੜਕਾ ਜਾਂ ਲੜਕੀ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕਿਸੇ ਦੂਜੇ ਪਿੰਡ ਭੱਜ ਕੇ ਵਿਆਹ ਕਰਵਾਉਂਦਾ ਹੈ, ਤਾਂ ਉਸ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਿੰਡ ‘ਚ ਅਨੁਸ਼ਾਸਨ ਬਣਾਈ ਰੱਖਣ ਲਈ ਚੁੱਕਿਆ ਅਹਿਮ ਕਦਮ
ਪੰਚਾਇਤ ਨੇ ਨਸ਼ਿਆਂ ਵਿਰੁੱਧ ਵੀ ਸਖ਼ਤ ਰੁਖ਼ ਅਪਣਾਇਆ ਹੈ। ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ, ਤਾਂ ਪਿੰਡ ਦਾ ਕੋਈ ਵੀ ਵਿਅਕਤੀ ਉਸ ਦੀ ਮਦਦ ਜਾਂ ਜ਼ਮਾਨਤ ਕਰਵਾਉਣ ਨਹੀਂ ਜਾਵੇਗਾ। ਜੇਕਰ ਕੋਈ ਉਸ ਦਾ ਪੱਖ ਲੈਂਦਾ ਹੈ, ਤਾਂ ਉਸ ਨੂੰ ਪੰਚਾਇਤ ਨੂੰ ਜਵਾਬ ਦੇਣਾ ਪਵੇਗਾ। ਪੰਚਾਇਤ ਨੇ ਪੁਰਾਣੀਆਂ ਰਵਾਇਤਾਂ ਅਨੁਸਾਰ ਮਹੰਤਾਂ ਨੂੰ ਵਧਾਈ (ਲਾਣ) ਵਜੋਂ 1100 ਰੁਪਏ ਦਿੱਤੇ ਜਾਣਗੇ। ਮਰਾਸੀਆਂ, ਭੰਡਾਂ ਅਤੇ ਛੁਰੀ ਮਾਰ ਨੂੰ 500 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ।ਪੰਚਾਇਤ ਮੁਤਾਬਕ ਇਨ੍ਹਾਂ ਫੈਸਲਿਆਂ ਦਾ ਮਕਸਦ ਪਿੰਡ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਅਤੇ ਆਪਸੀ ਵਿਵਾਦਾਂ ਨੂੰ ਘੱਟ ਕਰਨਾ ਹੈ।